Punjab News: ਫਿਰੋਜ਼ਪੁਰ ਛਾਉਣੀ 'ਚ ਬਲੈਕਆਊਟ ਮੌਕ ਡਰਿੱਲ, 30 ਮਿੰਟ ਵੱਜੇ ਹੂਟਰ, ਬਜ਼ੁਰਗਾਂ ਨੇ ਕਿਹਾ- '1971 'ਚ ਦੀਵਾ ਵੀ ਨਹੀਂ ਬਲਦਾ ਸੀ, ਹੁਣ ਲੋਕ ਇਨਵਰਟਰ ਚਲਾ ਰਹੇ ਨੇ'
ਜੰਗ ਤੋਂ ਪਹਿਲਾਂ ਪੰਜਾਬ 'ਚ ਹੋਈ ਬਲੈਕਆਉਟ ਮੌਕ ਡਰਿੱਲ, ਜਿਸ ਕਰਕੇ ਇਲਾਕੇ ਦੇ ਵਿੱਚ ਹੂਟਰ ਵੱਜਦੇ ਰਹੇ। ਚਾਰੇ-ਪਾਸੇ ਸੰਨਾਟਾ ਛਾਇਆ ਰਿਹਾ। ਇਲਾਕੇ ਦੇ ਪਿੰਡਾਂ ਅਤੇ ਮੁਹੱਲਿਆਂ 'ਚ ਰਾਤ 9 ਵਜੇ ਤੋਂ 9:30 ਵਜੇ ਤੱਕ ਬਿਜਲੀ ਬੰਦ ਰਹੀ।

Blackout Mock Drill in Ferozepur: ਪੰਜਾਬ ਦੇ ਸੀਮਾਵਰਤੀ ਇਲਾਕੇ ਫਿਰੋਜ਼ਪੁਰ ਛਾਉਣੀ ਵਿੱਚ ਐਤਵਾਰ-ਸੋਮਵਾਰ ਰਾਤ ਬਲੈਕਆਉਟ ਰਿਹਾ। ਇਲਾਕੇ ਦੇ ਪਿੰਡਾਂ ਅਤੇ ਮੁਹੱਲਿਆਂ 'ਚ ਰਾਤ 9 ਵਜੇ ਤੋਂ 9:30 ਵਜੇ ਤੱਕ ਬਿਜਲੀ ਬੰਦ ਰਹੀ। ਕੁਝ ਘਰਾਂ ਵਿੱਚ ਇਨਵਰਟਰ ਵੀ ਚੱਲਦੇ ਰਹੇ। ਸੜਕਾਂ 'ਤੇ ਚਾਰੀਂ ਪਾਸੇ ਹਨੇਰਾ ਛਾ ਗਿਆ।
ਵੱਜਦੇ ਰਹੇ ਹੂਟਰ
30 ਮਿੰਟ ਲਗਾਤਾਰ ਹੂਟਰ ਵੱਜਦੇ ਰਹੇ। ਪ੍ਰਸ਼ਾਸਨ ਵਲੋਂ ਪਹਿਲਾਂ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਮੌਕ ਡ੍ਰਿਲ ਹੈ, ਇਸ ਲਈ ਘਰਾਂ ਤੋਂ ਬਾਹਰ ਨਾ ਨਿਕਲਣ। ਯਾਦ ਰਹੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿ ਵਿਚਕਾਰ ਤਣਾਅ ਵਧ ਗਿਆ ਹੈ, ਜਿਸ ਕਰਕੇ ਸੀਮਾਵਰਤੀ ਇਲਾਕਿਆਂ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਫੌਜ ਵੱਖ-ਵੱਖ ਇਲਾਕਿਆਂ ਵਿੱਚ ਮੌਕ ਡਰਿੱਲ ਕਰ ਰਹੀ ਹੈ।
ਲੋਕਾਂ ਨੂੰ ਯਾਦ ਆਈ 1971 ਦੀ ਲੜਾਈ
ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਮਾਮਚੰਦ ਨੇ ਦੱਸਿਆ ਕਿ ਉਹ 1971 ਦੀ ਲੜਾਈ ਨੂੰ ਖੁਦ ਦੇਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਬਲੈਕਆਊਟ ਹੁੰਦਾ ਸੀ ਤਾਂ ਲੋਕ ਆਪਣੇ ਆਪ ਸਮਝਦਾਰ ਹੋ ਜਾਂਦੇ ਸਨ। ਉਹ ਰੌਸ਼ਨਦਾਨਾਂ 'ਤੇ ਕਾਲੇ ਕਾਗਜ਼ ਲਾ ਦਿੰਦੇ ਸਨ ਤਾਂ ਜੋ ਕਮਰੇ ਦੀ ਰੌਸ਼ਨੀ ਬਾਹਰ ਨਾ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਜੰਗ ਚੱਲ ਰਹੀ ਹੁੰਦੀ ਸੀ ਤਾਂ ਲੜਾਕੂ ਜਹਾਜ਼ ਜਿਥੇ ਵੀ ਰੌਸ਼ਨੀ ਵੇਖਦੇ ਸਨ, ਉੱਥੇ ਹੀ ਬੰਬ ਸੁੱਟ ਦਿੰਦੇ ਸਨ। ਜਿਸ ਕਰਕੇ ਭਾਰੀ ਨੁਕਸਾਨ ਹੁੰਦਾ ਸੀ। ਬੰਬਾਂ ਦੇ ਧਮਾਕਿਆਂ ਕਾਰਨ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਅਤੇ ਇਮਾਰਤਾਂ ਹਿੱਲ ਜਾਂਦੀਆਂ ਸਨ। ਮਾਮਚੰਦ ਨੇ ਕਿਹਾ ਕਿ ਅੱਜ ਲੋਕ ਘਰਾਂ ਵਿੱਚ ਇਨਵਰਟਰ ਚਲਾ ਕੇ ਬੈਠੇ ਹੋਏ ਨੇ, ਜਿਸ ਕਰਕੇ ਪੂਰੀ ਤਰ੍ਹਾਂ ਬਲੈਕਆਉਟ ਕਰਨਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀਪੂਰਕ ਮਾਹੌਲ ਬਣਨਾ ਚਾਹੀਦਾ ਹੈ।
ਇੱਕ ਹੋਰ ਸਥਾਨਕ ਨਿਵਾਸੀ ਸੁਸ਼ੀਲ ਗੁਪਤਾ ਨੇ ਕਿਹਾ ਕਿ ਪਹਿਲਾਂ ਜਦੋਂ ਬਲੈਕਆਉਟ ਹੁੰਦਾ ਸੀ ਤਾਂ ਲੋਕ ਆਪਣੇ ਆਪ ਹੀ ਲਾਈਟਾਂ ਬੰਦ ਕਰ ਲੈਂਦੇ ਸਨ, ਪਰ ਹੁਣ ਲੋਕ ਘਰਾਂ ਵਿੱਚ ਲਾਈਟਾਂ ਜਗਾ ਕੇ ਬੈਠੇ ਹਨ। ਲੋਕਾਂ ਵਿੱਚ ਲੜਾਈ ਨੂੰ ਲੈ ਕੇ ਕੋਈ ਡਰ ਨਹੀਂ ਹੈ। ਫਿਰੋਜ਼ਪੁਰ ਦੇ ਲੋਕ ਹਰ ਪੱਖ ਤੋਂ ਫੌਜ ਦੇ ਨਾਲ ਖੜੇ ਹਨ।






















