ਸਊਦੀ ਅਰਬ ਦੀ ਜੇਲ੍ਹ 'ਚ ਫਸੇ ਬਲਵਿੰਦਰ ਸਿੰਘ ਲਈ ਇਕੱਠੀ ਨਹੀਂ ਹੋਈ ਬਲੱਡ ਮਨੀ, ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ
ਗਿੱਦੜਬਾਹਾ ਦੇ ਪਿੰਡ ਮੱਲਾਂ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਨੂੰ ਮੌਤ ਦਿੱਤੀ ਜਾਵੇਗੀ ਤੇ ਜਾਂ ਫਿਰ ਮੌਤ ਤੋਂ ਬਚਣ ਲਈ ਉਸ ਨੂੰ 1 ਕਰੋੜ 90 ਲੱਖ ਰੁਪਏ ਦੇ ਕਰੀਬ ਬਲੱਡ ਮਨੀ ਦੇਣੀ ਹੋਵੇਗੀ।
ਗਿੱਦੜਬਾਹਾ: ਗਿੱਦੜਬਾਹਾ ਦੇ ਪਿੰਡ ਮੱਲਾਂ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਇਨ੍ਹੀਂ ਦਿਨੀਂ ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ। ਦਰਅਸਲ 'ਚ ਬਲਵਿੰਦਰ ਨੂੰ ਉੱਥੋਂ ਦੀ ਹਕੂਮਤ ਨੇ ਸਜ਼ਾ ਦਿੱਤੀ ਹੈ ਜਿਸ ਵਿੱਚ ਜਾਂ ਤਾਂ ਉਸ ਨੂੰ ਮੌਤ ਦਿੱਤੀ ਜਾਵੇਗੀ ਤੇ ਜਾਂ ਫਿਰ ਮੌਤ ਤੋਂ ਬਚਣ ਲਈ ਉਸ ਨੂੰ 1 ਕਰੋੜ 90 ਲੱਖ ਰੁਪਏ ਦੇ ਕਰੀਬ ਬਲੱਡ ਮਨੀ ਦੇਣੀ ਹੋਵੇਗੀ। ਇਸ ਨੂੰ ਲੈ ਕੇ ਹੁਣ ਬਲਵਿੰਦਰ ਦਾ ਪਰਿਵਾਰ ਪੰਜਾਬ ਸਰਕਾਰ ਤੇ ਪੰਜਾਬ ਦੇ ਸਮਾਜ ਸੇਵੀ ਲੋਕਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕਰ ਰਿਹਾ ਹੈ।
ਇਸ ਲਈ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਬਲਵਿੰਦਰ ਨੂੰ ਬਚਾਉਣ ਲਈ ਆਪੋ ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਹਨ ਤੇ ਪੈਸੇ ਜੁਟਾ ਰਹੀਆਂ ਹਨ। ਪਰਿਵਾਰ ਦੇ ਦੱਸਣ ਮੁਤਾਬਕ 15 ਮਈ ਤੱਕ ਪੈਸੇ ਦੇਣੇ ਹਨ, ਜਿਸ ਨੂੰ ਲੈ ਕੇ ਲੁਧਿਆਣਾ ਦੀ ਪ੍ਰਾਚੀਨ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਵੀ ਸਾਊਦੀ ਦੇ ਬਾਦਸ਼ਾਹ ਨੂੰ ਬਲਵਿੰਦਰ ਦੀ ਜਾਨ ਬਖਸ਼ਣ ਦੀ ਅਪੀਲ ਕੀਤੀ ਹੈ।
ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਉੱਥੋਂ ਦੀਆਂ ਹਕੂਮਤਾਂ ਦੇ ਇਹ ਨਿਯਮ ਹਨ ਜਾਂ ਤਾਂ ਉਹ ਮੌਤ ਦੀ ਸਜ਼ਾ ਦਿੰਦੇ ਹਨ ਜਾਂ ਫਿਰ ਬਲੱਡ ਮਨੀ ਦੇ ਕੇ ਸਜ਼ਾ ਮੁਆਫ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਸਾਊਦੀ ਦੇ ਬਾਦਸ਼ਾਹ ਨੂੰ ਮੀਡੀਆ ਰਾਹੀਂ ਅਪੀਲ ਕਰਨਗੇ ਕਿ ਬਲਵਿੰਦਰ ਦੀ ਜਾਨ ਬਖ਼ਸ਼ੀ ਜਾਵੇ। ਉਨ੍ਹਾਂ ਕਿਹਾ ਇਸ 'ਚ ਪੰਜਾਬ ਦੀ ਸਰਕਾਰ ਨੂੰ ਵੀ ਦਖ਼ਲਅੰਦਾਜ਼ੀ ਦੇਣੀ ਚਾਹੀਦੀ ਹੈ ਤੇ ਨਾਲ ਹੀ ਜੇਕਰ ਕੁਝ ਪੈਸੇ ਘਟਦੇ ਹਨ ਤਾਂ ਪੀੜਤ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪੈਸੇ ਇਕੱਠੇ ਕਰ ਰਹੀਆਂ ਹਨ ਪਰ ਬਲਵਿੰਦਰ ਕੋਲ ਘੱਟ ਹੀ ਸਮਾਂ ਬਚਿਆ ਹੈ। 15 ਮਈ ਤੱਕ ਉਸ ਨੇ ਪੈਸੇ ਜਮ੍ਹਾਂ ਕਰਵਾਉਣੇ ਹਨ, ਜੇਕਰ ਪੈਸੇ ਨਾ ਦਿੱਤੇ ਤਾਂ ਉਹ ਉਸ ਦਾ ਸਿਰ ਕਲਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇੱਕ ਸ਼ਖ਼ਸ ਦੀ ਜਾਨ ਦੀ ਕੀਮਤ ਦੋ ਕਰੋੜ ਦੇ ਕਰੀਬ ਹੈ। ਇਸ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਵੀ ਕੀਤੀ ਕਿ ਬਲਵਿੰਦਰ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਸਾਊਦੀ ਦੇ ਬਾਦਸ਼ਾਹ ਨੂੰ ਵੀ ਅਪੀਲ ਕਰਨਗੇ ਕਿ ਉਸ ਨੂੰ ਬਖ਼ਸ਼ਿਆ ਜਾਵੇ।