Punjab Breaking News LIVE: ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਨੂੰ ਉਡਾਉਣ ਦੀ ਧਮਕੀ ਮਗਰੋਂ ਪੰਜਾਬ 'ਚ ਅਲਰਟ, ਵੱਡੀਆਂ ਖਬਰਾਂ ਦੇ LIVE Updates
Punjab Breaking News, 28 April 2022 LIVE Updates: ਅੱਤਵਾਦੀ ਜਥੇਬੰਦੀ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਸ ਮਗਰੋਂ ਪੂਰਾ ਪੰਜਾਬ ਅਲਰਟ 'ਤੇ ਹੈ।
LIVE
Background
Punjab Breaking News, 28 April 2022 LIVE Updates: ਅੱਤਵਾਦੀ ਜਥੇਬੰਦੀ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਸ ਮਗਰੋਂ ਪੂਰਾ ਪੰਜਾਬ ਅਲਰਟ 'ਤੇ ਹੈ। ਪੁਲਿਸ ਤੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਪੁਲਿਸ ਨੇ ਅਹਿਮ ਸਥਾਨਾਂ ਦੀ ਚੈਕਿੰਗ ਵਧਾ ਦਿੱਤੀ ਹੈ। ਪੁਲਿਸ ਇਸ ਚਿੱਠੀ ਬਾਰੇ ਵੀ ਜਾਂਚ ਵਿੱਚ ਜੁੱਟ ਗਈ ਹੈ।
ਦੱਸ ਦਈਏ ਕਿ ਪੰਜਾਬ ਦੇ ਕਪੂਰਥਲਾ ਸਟੇਸ਼ਨ ਦੇ ਡੀਆਰਐਮ ਨੂੰ ਮਿਲੇ ਪੱਤਰ 'ਚ ਸੁਲਤਾਨਪੁਰ ਲੋਧੀ, ਲੋਹੀਆਂ ਖਾਸ, ਫਿਰੋਜ਼ਪੁਰ ਛਾਉਣੀ, ਫਗਵਾੜਾ, ਅੰਮ੍ਰਿਤਸਰ ਤੇ ਤਰਨ ਤਾਰਨ ਸਣੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੱਤਰ ਜੈਸ਼-ਏ-ਮੁਹੰਮਦ ਵੱਲੋਂ ਲਿਖਿਆ ਗਿਆ ਹੈ। ਹਾਲਾਂਕਿ ਇਸ 'ਤੇ ਕਿਸੇ ਤਰੀਕ ਜਾਂ ਦਿਨ ਦਾ ਕੋਈ ਜ਼ਿਕਰ ਨਹੀਂ ਹੈ।
ਇਹ ਧਮਕੀ ਭਰਿਆ ਪੱਤਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੋਂ ਮਿਲਿਆ ਹੈ। ਸਟੇਸ਼ਨ ਮਾਸਟਰ ਦੇ ਨਾਂ ਆਇਆ ਇਹ ਪੱਤਰ ਪੜ੍ਹ ਕੇ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਇਸ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਟੇਸ਼ਨ ਮਾਸਟਰ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਧਮਕੀ ਭਰਿਆ ਪੱਤਰ ਅੰਗਰੇਜ਼ੀ ਨੋਟਬੁੱਕ ਦੇ ਪੰਨੇ 'ਤੇ ਹਿੰਦੀ 'ਚ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਜਿਸ ਲਿਫਾਫੇ 'ਚ ਪੱਤਰ ਭੇਜਿਆ ਗਿਆ ਹੈ। ਉਸ 'ਤੇ ਡਾਕ ਟਿਕਟ ਵੀ ਲੱਗੀ ਹੋਈ ਹੈ, ਪਰ ਕਿਸੇ ਵੀ ਡਾਕਘਰ ਦੀ ਕਾਲੇ ਰੰਗ ਦੀ ਸੀਲ ਨਹੀਂ ਹੈ।
ਇਸ ਨਾਲ ਹੀ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਅੱਜ ਡਾਕ ਰਾਹੀਂ ਮਿਲੇ ਧਮਕੀ ਪੱਤਰ 'ਚ ਕਿਹਾ ਗਿਆ ਹੈ ਕਿ ਬਦਲਾ ਲੈਣ ਲਈ 21 ਮਈ ਤਕ ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਤੇ ਜਲੰਧਰ ਵਰਗੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਉਡਾ ਦਿੱਤਾ ਜਾਵੇਗਾ। ਇਸ 'ਚ ਕਿਹਾ ਗਿਆ ਹੈ ਕਿ ਸੀਐਮ ਮਾਨ ਤੇ ਕੁਝ ਹੋਰਾਂ 'ਤੇ ਵੀ ਹਮਲਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 21 ਮਈ ਤਕ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਦਿੱਤੀ ਗਈ। ਇਧਰ ਮੀਡੀਆ 'ਚ ਧਮਕੀ ਭਰਿਆ ਪੱਤਰ ਵਾਇਰਲ ਹੋਣ ਤੋਂ ਚਾਰ ਘੰਟਿਆਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਰੇਲਵੇ ਸਟੇਸ਼ਨ 'ਤੇ ਪਹੁੰਚੀ ਜਿਸ ਤੋਂ ਬਾਅਦ ਰੇਲਵੇ ਸਟੇਸ਼ਨ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ।
ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ, ਜੰਮੂ ਤੇ ਪਠਾਨਕੋਰਟ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੇਲਵੇ ਸਟੇਸ਼ਨਾਂ 'ਤੇ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
Punjab Breaking: ਦੋ ਧਿਰਾਂ 'ਚ ਝੜਪ ਮਗਰੋਂ ਚੱਲੀ ਗੋਲੀ, 1 ਕਿਸਾਨ ਦੀ ਮੌਤ, 1 ਹੋਰ ਜ਼ਖਮੀ
ਸੂਬੇ ਅੰਦਰ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਆਏ ਦਿਨ ਫਾਈਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਹੁਣ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਨੇੜੇ ਪਿੰਡ ਟਿੱਬੀ ਖੁਰਦ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੇਬਰ ਦੇ ਮਾਮੂਲੀ ਝਗੜੇ ਨੂੰ ਲੈ ਕੇ ਦੋ ਧਿਰਾਂ ਦਾ ਆਪਸੀ ਝਗੜਾ ਹੋ ਗਿਆ। ਗੱਲ ਇੰਨੀ ਵਧ ਗਈ ਕਿ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Firing in Samrala: ਸਮਰਾਲਾ 'ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ
ਪੰਜਾਬ ਦੀ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਸਮਰਾਲਾ 'ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ। ਅਕਾਲੀ ਵਰਕਰ ਦੇ ਘਰ ਉੱਪਰ ਫਾਇਰਿੰਗ ਹੋਈ ਤੇ ਵੱਡੀ ਗੱਲ ਇਹ ਹੈ ਕਿ 'ਆਪ' ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਇਸ ਪਿੰਡ ਦੇ ਹਨ ਜਿਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਦਿਆਲਪੁਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਉਪਰ ਫਾਇਰਿੰਗ ਹੋਈ। ਘਰ ਦੇ ਗੇਟ ਉਪਰ ਗੋਲੀਆਂ ਚਲਾਈਆਂ ਗਈਆਂ ਤੇ ਫਿਰ ਕਾਰ ਉਪਰ ਫਾਇਰਿੰਗ ਕੀਤੀ ਗਈ। ਹਮਲਾਵਰ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ ਹਨ ਜਿਸ ਆਧਾਰ 'ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Power crisis in Punjab: ਅੱਤ ਦੀ ਗਰਮੀ 'ਚ ਬਿਜਲੀ ਕੱਟਾਂ ਨੇ ਸੂਬੇ 'ਚ ਹਾਹਾਕਾਰ ਮਚਾਈ
ਅੱਤ ਦੀ ਗਰਮੀ 'ਚ ਬਿਜਲੀ ਕੱਟਾਂ ਨੇ ਸੂਬੇ 'ਚ ਹਾਹਾਕਾਰ ਮਚਾ ਦਿੱਤੀ ਹੈ। ਬੱਚੇ-ਬਜ਼ੁਰਗ ਸਭ ਗਰਮੀ ਨਾਲ ਹਾਲੋ ਬੇਹਾਲ ਹਨ। ਹਾਲਾਤ ਇਹ ਬਣ ਗਏ ਹਨ ਕਿ ਲੋਕ ਰਾਤਾਂ ਜਾਗ-ਜਾਗ ਕੱਟ ਰਹੇ ਹਨ। ਮਾਲ ਡੰਗਰਾਂ ਲਈ ਖੇਤਾਂ 'ਚ ਲਾਇਆ ਚਾਰਾ (ਬਰਸੀਨ) ਪਾਣੀ ਦੀ ਘਾਟ ਕਾਰਨ ਸੜ ਰਿਹਾ ਹੈ। ਅਜਿਹੇ 'ਚ ਲੋਕ ਸਰਕਾਰ ਵੱਲ ਝਾਕ ਰਹੇ ਹਨ ਕਿ ਸਰਕਾਰ ਮੁਫ਼ਤ ਬਿਜਲੀ/ਸਸਤੀ ਬਿਜਲੀ ਦੇਣ ਦੀ ਬਜਾਏ ਉਨ੍ਹਾਂ ਨੂੰ 24 ਘੰਟੇ ਬਿਜਲੀ ਸਪਲਾਈ ਹੀ ਮੁਹੱਈਆ ਕਰਵਾ ਦੇਵੇ। ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ 'ਚ ਦਸ-ਦਸ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ ਜਦਕਿ ਦਿਹਾਤੀ ਖੇਤਰਾਂ 'ਚ 14 ਤੋਂ 16 ਘੰਟੇ ਬਿਜਲੀ ਕੱਟ ਜੀਣਾ ਮੁਹਾਲ ਕਰ ਰਹੇ ਹਨ। ਜ਼ਿਲ੍ਹੇ ਦੇ ਚਾਟੀਵਿੰਡ ਪਿੰਡ ਵਾਸੀਆਂ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਖੇਤਾਂ ਲਈ ਉਨ੍ਹਾਂ ਨੂੰ ਰੋਜ਼ਾਨਾ ਅੱਠ ਤੋਂ ਦਸ ਘੰਟੇ ਬਿਜਲੀ ਦੀ ਜ਼ਰੂਰਤ ਹੈ ਪਰ ਅਸਲੀਅਤ ਇਹ ਹੈ ਕਿ ਪਿਛਲੇ ਇਕ ਹਫ਼ਤੇ 'ਚ ਉਨ੍ਹਾਂ ਨੂੰ ਸਿਰਫ ਪੰਜ ਘੰਟੇ ਹੀ ਬਿਜਲੀ ਮਿਲੀ। ਇਸ ਕਾਰਨ ਚਾਰਾ ਲਗਪਗ ਪਾਣੀ ਨ ਮਿਲਣ ਕਰਕੇ ਸੜ ਗਿਆ ਹੈ।
Vidhan Sabha Recruitment Scam: ਪੰਜਾਬ ਵਿਧਾਨ ਸਭਾ 'ਚ ਭਰਤੀ ਘੁਟਾਲੇ ਦੀ ਜਾਂਚ ਹੋਵੇਗੀ
ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਹੁਣ ਪੰਜਾਬ ਵਿਧਾਨ ਸਭਾ 'ਚ ਭਰਤੀ ਘੁਟਾਲੇ ਦੀ ਜਾਂਚ ਹੋਵੇਗੀ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ। ਕਾਂਗਰਸ ਸਰਕਾਰ ਵੇਲੇ ਬੈਂਸ ਵੱਲੋਂ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀ ਤੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ। ਹੁਣ ਸਪੀਕਰ ਵੱਲੋਂ ਪਿਛਲੇ 5 ਸਾਲਾਂ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ।
Electricity cuts in Punjab:ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਬਿਜਲੀ ਕੱਟਾਂ ਖਿਲਾਫ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੱਲ੍ਹ ਰੋਸ ਮੁਜ਼ਾਹਰਾ ਹੋਵੇਗਾ। ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਬਾਬਤ ਸਰਕਾਰ 'ਤੇ ਕਿਸਾਨ ਕਾਫੀ ਔਖੇ ਹਨ। ਪਿਛਲੇ ਇੱਕ ਹਫਤੇ ਤੋਂ ਰੋਜ਼ਾਨਾ ਅੰਮ੍ਰਿਤਸਰ ਸ਼ਹਿਰ ਤੇ ਜ਼ਿਲ੍ਹੇ 'ਚ ਵੱਡੇ ਵੱਡੇ ਬਿਜਲੀ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ ਵੀ ਬਿਜਲੀ ਕੱਟਾਂ ਕਰਕੇ ਨੁਕਸਾਨ ਹੋ ਰਿਹਾ ਹੈ।