Punjab News: ਕੈਪਟਨ ਨੂੰ ਨਹੀਂ ਆ ਰਹੀ ਸਮਝ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਰਾਘਵ ਚੱਢਾ?
ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ਮਗਰੋਂ ਸੂਬੇ ਦਾ ਅਸਲ ਮੁੱਖ ਮੰਤਰੀ ਕੌਣ ਹੈ? ਭਗਵੰਤ ਮਾਨ ਜਾਂ ਰਾਘਵ ਚੱਢਾ।
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਜਾਂ ਫਿਰ ਰਾਘਵ ਚੱਢਾ। ਕੈਪਟਨ ਨੇ ਇਹ ਸਵਾਲ ਇੱਕ ਪ੍ਰਸਿੱਧ ਹਿੰਦੀ ਨਿਊਜ਼ ਚੈਨਲ ਨੂੰ ਇੰਟਰਵਿਊ ਦਿੰਦਿਆਂ ਉਠਾਇਆ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ਮਗਰੋਂ ਸੂਬੇ ਦਾ ਅਸਲ ਮੁੱਖ ਮੰਤਰੀ ਕੌਣ ਹੈ? ਭਗਵੰਤ ਮਾਨ ਜਾਂ ਰਾਘਵ ਚੱਢਾ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਦਿਆਂ ਨਾਲ ਸਬੰਧਤ ਸਾਰੀਆਂ ਫਾਈਲਾਂ ਸਿੱਧੀਆਂ ਰਾਘਵ ਚੱਢਾ ਕੋਲ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕੈਪਟਨ ਇਸ ਵੇਲੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਉਹ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।
ਦੂਜੇ ਪਾਸੇ ਇਸ ਸਵਾਲ ਦਾ ਜਵਾਬ ਦਿੰਦਿਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, ‘ਮੈਂ ਮਨ, ਪਰਿਵਾਰ ਤੇ ਦਿਲੋਂ ਪੰਜਾਬੀ ਹਾਂ ਤੇ ਹਰ ਪੱਖੋਂ ਪੰਜਾਬ ਦਾ ਭਲਾ ਚਾਹੁੰਦਾ ਹਾਂ। ਮੈਨੂੰ ਪਾਰਟੀ, ਭਗਵੰਤ ਮਾਨ ਤੇ ਕੇਜਰੀਵਾਲ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ, ਮੈਂ ਉਸ ਨੂੰ ਨਿਭਾਅ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ‘ਦਿੱਲੀ ਵਿੱਚ ਰਾਜ ਸਭਾ ਦੇ ਸੈਸ਼ਨ ਵੇਲੇ ਮੈਂ ਹਫ਼ਤੇ ਦੇ ਆਖਰੀ ਦਿਨ ਤੇ ਇਸ ਤੋਂ ਇਲਾਵਾ ਮੈਂ ਆਪਣਾ ਸਾਰਾ ਸਮਾਂ ਪੰਜਾਬ ਨੂੰ ਦਿੰਦਾ ਹਾਂ।’’ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਪੰਜਾਬ ਲਈ ਕੰਮ ਕਰਦੇ ਹਨ ਤੇ ਪੰਜਾਬ ਨਾਲ ਸਬੰਧਤ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਹਨ, ਪਰ ਉਹ ਪੰਜਾਬ ਦੇ ਸੁਪਰ-ਡੁਪਰ ਮੁੱਖ ਮੰਤਰੀ ਦੇ ਸੁਪਰ-ਡੁਪਰ ਛੋਟੇ ਭਰਾ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਣੇ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਉਨ੍ਹਾਂ ਕਾਰਗੁਜ਼ਾਰੀ ’ਤੇ ਸਵਾਲ ਨਹੀਂ ਚੁੱਕ ਸਕਦੀਆਂ। ਇਸ ਲਈ ਉਹ ਸਿਰਫ਼ ਅਜਿਹੇ ਮਸਲੇ ਖੜ੍ਹੇ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੈਪਟਨ ਵੱਲੋਂ ਉਨ੍ਹਾਂ ’ਤੇ ਚੁੱਕੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕੈਪਟਨ ਅਮਰਿੰਦਰ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਅਤੇ ‘ਆਪ’ ਦੀ ਚਿੰਤਾ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣ।