Chandigarh News: ਕੁੜੀ ਦਾ ਗਲ ਵੱਢ ਉਨ੍ਹਾਂ ਦੀ ਹੀ ਕਾਰ ਲੈ ਕੇ ਭੱਜਿਆ ਮੁੰਡਾ, ਰਾਹ 'ਚ ਹੋਇਆ ਭਿਆਨਕ ਐਕਸੀਡੈਂਟ, ਹੁਣ ਖੁਦ ਵੀ ਮੌਤ ਨਾਲ ਲੜ ਰਿਹਾ
ਮੁਹਾਲੀ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਦੀ ਕਾਰ ਲੈ ਕੇ ਭੱਜ ਗਿਆ।
Chandigarh News: ਮੁਹਾਲੀ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਦੀ ਕਾਰ ਲੈ ਕੇ ਭੱਜ ਗਿਆ। ਇਸੇ ਦੌਰਾਨ ਉਹ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਪੁਲਿਸ ਮੁਤਾਬਕ ਸੰਨੀ ਐਨਕਲੇਵ ਖਰੜ ਵਿੱਚ ਇੱਕ ਮੁਟਿਆਰ ਦਾ ਉਸ ਦੇ ਦੋਸਤ ਵੱਲੋਂ ਹੀ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਏਕਤਾ (27) ਵਜੋਂ ਹੋਈ ਹੈ। ਇਹ ਪਰਿਵਾਰ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਜੋ ਛੇ ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ। ਉਂਜ ਲੜਕੀ ਸ਼ੁੱਕਰਵਾਰ ਰਾਤ ਕੌਮਾਂਤਰੀ ਹਵਾਈ ਅੱਡੇ ਨੇੜਲੇ ਪਿੰਡ ਝਿਊਰਹੇੜੀ ਵਿੱਚ ਆਪਣੇ ਪਰਿਵਾਰ ਸਮੇਤ ਜਗਰਾਤੇ ਵਿੱਚ ਗਈ ਹੋਈ ਸੀ ਜੋ ਸ਼ਨੀਵਾਰ ਤੜਕੇ ਪੌਣੇ ਤਿੰਨ ਵਜੇ ਘਰ ਪਰਤੀ।
ਸੀਸੀਟੀਵੀ ਫੁਟੇਜ ਮੁਤਾਬਕ ਮੁਲਜ਼ਮ ਕਿਰਾਏ ਦੇ ਮਕਾਨ ਵਿੱਚ ਆਉਂਦਾ-ਜਾਂਦਾ ਦਿਖਾਈ ਦੇ ਰਿਹਾ ਹੈ। ਪੁਲਿਸ ਅਨੁਸਾਰ ਮੁਲਜ਼ਮ ਦਾ ਨਾਂ ਅਨੀਸ਼ ਕੁਰੈਸ਼ੀ ਹੈ। ਹਾਸਲ ਜਾਣਕਾਰੀ ਅਨੁਸਾਰ ਲੜਕੀ ਆਪਣੇ ਪਰਿਵਾਰ ਨਾਲ ਆਪਣੀ ਭਰਜਾਈ ਦੇ ਪੇਕੇ ਪਿੰਡ ਝਿਊਰਹੇੜੀ (ਮੁਹਾਲੀ) ਵਿੱਚ ਸ਼ੁੱਕਰਵਾਰ ਰਾਤ ਜਗਰਾਤੇ ਵਿੱਚ ਗਈ ਸੀ। ਸਾਰਾ ਪਰਿਵਾਰ ਜਗਰਾਤੇ ਵਿਚ ਸੀ। ਅੱਧੀ ਰਾਤ ਤੋਂ ਬਾਅਦ ਲੜਕੀ ਅਚਾਨਕ ਵਾਪਸ ਆਪਣੇ ਕਿਰਾਏ ਦੇ ਮਕਾਨ ਵਿੱਚ ਆ ਗਈ ਜਿੱਥੇ ਉਸ ਦਾ ਦੋਸਤ ਵੀ ਪਹੁੰਚ ਗਿਆ।
ਇਸ ਦੌਰਾਨ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਗੱਲ ਕਤਲ ਤੱਕ ਪੁੱਜ ਗਈ। ਮੁਲਜ਼ਮ ਨੇ ਲੜਕੀ ਦਾ ਗਲ ਵੱਢ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਨੀਵਾਰ ਸਵੇਰੇ ਸੰਨੀ ਐਨਕਲੇਵ ਪੁਲੀਸ ਚੌਕੀ ਦੀ ਟੀਮ ਨੇ ਖੂਨ ਨਾਲ ਲੱਥਪੱਥ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ। ਸੂਚਨਾ ਮਿਲਦੇ ਹੀ ਪਰਿਵਾਰ ਦੇ ਬਾਕੀ ਜੀਅ ਵੀ ਮੌਕੇ ’ਤੇ ਪਹੁੰਚ ਗਏ।
ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਮ੍ਰਿਤਕਾ ਦੇ ਭਰਾ ਰੋਹਿਤ ਦੇ ਬਿਆਨਾਂ ’ਤੇ ਮੁਲਜ਼ਮ ਅਨੀਸ਼ ਕੁਰੈਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜੋ ਮੌਜੂਦਾ ਸਮੇਂ ਡੱਡੂਮਾਜਰਾ ਵਿੱਚ ਰਹਿ ਰਿਹਾ ਸੀ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਲੜਕੀ ਦੀ ਕਾਰ ਚੁੱਕ ਕੇ ਫਰਾਰ ਹੋ ਗਿਆ ਪਰ ਰਸਤੇ ਵਿੱਚ ਸ਼ਾਹਬਾਦ (ਹਰਿਆਣਾ) ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਮੁਲਜ਼ਮ ਗੰਭੀਰ ਰੂਪ ਵਿੱਖ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਹੁਣ ਉਹ ਚੰਡੀਗੜ੍ਹ ਸਥਿਤ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਉਸ ਨੂੰ ਆਈਸੀਯੂ ਵਾਰਡ ਵਿੱਚ ਰੱਖਿਆ ਹੋਇਆ ਹੈ।