ਝੋਨੇ ਦੀ ਲਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਫਾਰਮੂਲਾ, ਪੰਜਾਬ ਨੂੰ ਤਿੰਨ ਜ਼ੋਨਾਂ 'ਚ ਵੰਡਿਆ
ਪੰਜਾਬ ਸਰਕਾਰ ਨੇ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੀ ਬਿਜਾਈ ਪ੍ਰਤੀ ਕਾਫੀ ਰੁਚੀ ਦਿਖਾਈ ਜਾ ਰਹੀ ਹੈ।
ਚੰਡੀਗੜ੍ਹ: ਝੋਨੇ ਦੀ ਲਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਫਾਰਮੂਲਾ ਪੇਸ਼ ਕੀਤਾ ਹੈ। ਇਸ ਤਹਿਤ ਪੰਜਾਬ ਨੂੰ ਤਿੰਨ ਜ਼ੋਨਾਂ 'ਚ ਵੰਡਿਆ ਗਿਆ ਹੈ। ਇਸ ਵਾਰ ਪੰਜਾਬ ਵਿੱਚ ਝੋਨੇ ਦੀ ਲਵਾਈ ਸਮੁੱਚੇ ਪੰਜਾਬ ’ਚ ਇੱਕੋ ਸਮੇਂ ਸ਼ੁਰੂ ਨਹੀਂ ਹੋਏਗੀ, ਸਗੋਂ ਜ਼ੋਨਾਂ ਤਹਿਤ ਸ਼ੁਰੂ ਹੋਵੇਗੀ। ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਲਵਾਈ ਮੌਕੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਨਵਾਂ ਤਜਰਬਾ ਕੀਤਾ ਹੈ। ‘ਆਪ’ ਸਰਕਾਰ ਦਾ ਤਰਕ ਹੈ ਕਿ ਇੱਕੋ ਵੇਲੇ ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਨਾਲ ਕਈ ਤਰ੍ਹਾਂ ਦੇ ਸੰਕਟ ਬਣਦੇ ਹਨ, ਜਿਨ੍ਹਾਂ ਨੂੰ ਟਾਲਣ ਲਈ ਨਵੀਂ ਵਿਉਂਤਬੰਦੀ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਖੇਤੀ ਵਿਭਾਗ ਨੇ ਖਾਕਾ ਤਿਆਰ ਕੀਤਾ ਹੈ ਕਿ ਪਹਿਲੇ ਗੇੜ ਵਿੱਚ 18 ਜੂਨ ਤੋਂ ਛੇ ਜ਼ਿਲ੍ਹਿਆਂ ’ਚ, ਦੂਜੇ ਗੇੜ ’ਚ 20 ਜੂਨ ਤੋਂ ਹੋਰ ਛੇ ਜ਼ਿਲ੍ਹਿਆਂ ’ਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਤੀਜੇ ਗੇੜ ਵਿੱਚ 22 ਜੂਨ ਤੋਂ ਛੇ ਜ਼ਿਲ੍ਹਿਆਂ ’ਚ ਤੇ 24 ਜੂਨ ਤੋਂ ਬਾਕੀ ਰਹਿੰਦੇ ਜ਼ਿਲ੍ਹਿਆਂ ’ਚ ਝੋਨਾ ਲਾਇਆ ਜਾਵੇਗਾ। ਇਸ ਤਹਿਤ ਮਾਲਵਾ ਖ਼ਿੱਤੇ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਮਾਹਿਰ ਆਖਦੇ ਹਨ ਕਿ ਜਦੋਂ ਜ਼ੋਨਾਂ ਵਿੱਚ ਵੰਡ ਕੇ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ ਤਾਂ ਇਸ ਨਾਲ ਬਿਜਲੀ ਦੀ ਮੰਗ ਇੱਕਦਮ ਨਹੀਂ ਵਧੇਗੀ ਤੇ ਸਰਕਾਰ ਇਸ ਤਰ੍ਹਾਂ ਬਿਜਲੀ ਸੰਕਟ ਨੂੰ ਵੀ ਟਾਲ ਸਕੇਗੀ। ਸਰਕਾਰ ਦਾ ਤਰਕ ਹੈ ਕਿ ਇੰਜ ਲੇਬਰ ਦਾ ਸੰਕਟ ਵੀ ਟਲੇਗਾ। ਇਸ ਤੋਂ ਇਲਾਵਾ ਜਦੋਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਆਵੇਗੀ, ਉਸ ਵੇਲੇ ਵੀ ਇੱਕੋ ਸਮੇਂ ਅੰਬਾਰ ਨਹੀਂ ਲੱਗਣਗੇ।
ਉਧਰ, ਪੰਜਾਬ ਸਰਕਾਰ ਨੇ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੀ ਬਿਜਾਈ ਪ੍ਰਤੀ ਕਾਫੀ ਰੁਚੀ ਦਿਖਾਈ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਸਤੌਜ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਲਈ ਰਾਹ ਦਸੇਰਾ ਬਣਨ। ਮੁੱਖ ਮੰਤਰੀ ਵੱਲੋਂ ਕੀਤੀ ਅਪੀਲ ਨੂੰ ਬੂਰ ਵੀ ਪੈਣ ਲੱਗਾ ਹੈ ਤੇ ਕਈ ਸੰਸਥਾਵਾਂ ਅਤੇ ਪਿੰਡਾਂ ਦੇ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹੁੰਗਾਰਾ ਵੀ ਭਰਿਆ ਹੈ।