CM ਮਾਨ ਦੀ ਸਿਹਤ ਵਿੱਚ ਸੁਧਾਰ; ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ, ਜਲਦ ਛੁੱਟੀ ਮਿਲਣ ਦੀ ਉਮੀਦ
ਪੰਜਾਬ ਦੇ ਸੀਐਮ ਭਗਵੰਤ ਮਾਨ ਜੋ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਭਰਤੀ ਸਨ। ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰ ਦੱਸਿਆ ਕਿ CM ਮਾਨ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ। ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਉਹ ਅੱਜ ਜਾਂ ਕੱਲ..

ਪੰਜਾਬ ਦੇ ਸੀਐਮ ਭਗਵੰਤ ਮਾਨ ਪਿਛਲੇ ਪੰਜ ਦਿਨਾਂ ਤੋਂ ਮੋਹਾਲੀ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹਨ। ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ। ਇਹ ਦਾਅਵਾ ਹਸਪਤਾਲ ਨੇ ਮੈਡੀਕਲ ਬੁਲੇਟਿਨ ਵਿੱਚ ਕੀਤਾ ਹੈ। ਉਮੀਦ ਹੈ ਕਿ ਅੱਜ ਜਾਂ ਕੱਲ੍ਹ ਤੱਕ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਦੂਜੇ ਪਾਸੇ, ਹਰਿਆਣਾ ਦੇ ਸੀਐਮ ਨਾਇਬ ਸੈਨੀ ਸਮੇਤ ਕਈ ਸੀਨੀਅਰ ਨੇਤਾ ਹੁਣ ਤੱਕ ਉਹਨਾਂ ਨਾਲ ਮਿਲ ਚੁੱਕੇ ਹਨ। ਜਦਕਿ ਭਾਜਪਾ ਨੇਤਾ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਉਹਨਾਂ ਦੀ ਕੁਰਸੀ ਤੋਂ ਹਟਾਉਣ ਲਈ ਦਬਾਅ ਬਣਾਇਆ ਗਿਆ ਸੀ। ਅਸੀਂ ਪੰਜਾਬੀ ਹੋਣ ਦੇ ਨਾਤੇ ਸੀਐਮ ਭਗਵੰਤ ਮਾਨ ਦੇ ਨਾਲ ਖੜੇ ਹਾਂ।
ਪੰਜਾਬ ਵਿੱਚ ਹੜ੍ਹ ਆਏ ਤਾਂ ਗੁਜਰਾਤ ਭੱਜ ਗਏ- ਸਿਰਸਾ
ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਵਿੱਚ ਸਿਰਸਾ ਨੇ ਕਿਹਾ ਕਿ ਦੇਖੋ, ਮਾਨ ਸਾਹਿਬ ਬੇਚਾਰੇ, ਉਹਨਾਂ ਨੂੰ ਉਹਨਾਂ ਦੀ ਕੁਰਸੀ ਤੋਂ ਹਟਾਉਣ ਲਈ ਅਰਵਿੰਦ ਕੇਜਰੀਵਾਲ ਵੱਲੋਂ ਦਬਾਅ ਬਣਾਇਆ ਗਿਆ ਸੀ। ਅਸੀਂ ਤਾਂ ਭਗਵੰਤ ਮਾਨ ਦੇ ਨਾਲ ਖੜੇ ਹਾਂ। ਉਹਨਾਂ ਨੂੰ ਹਟਾਉਣਾ ਗਲਤ ਸੀ। ਇਸ ਡਰ ਦੇ ਕਾਰਨ ਭਗਵੰਤ ਮਾਨ ਹਸਪਤਾਲ ਵਿੱਚ ਦਾਖ਼ਲ ਹੋ ਗਏ।
ਸਾਨੂੰ ਖੁਸ਼ੀ ਹੈ ਕਿ ਘੱਟੋ-ਘੱਟ ਉਹਨਾਂ ਦੀ ਕੁਰਸੀ ਤਾਂ ਬਚੀ। ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮਸਲਿਆਂ ਵਿੱਚ ਬੋਲਣ ਦਾ ਕਿਹੜਾ ਹੱਕ ਹੈ। ਅੱਜ ਜੇ ਇਹ ਦਿੱਲੀ ਤੋਂ ਹਾਰ ਗਏ ਤਾਂ ਪੰਜਾਬ ਭੱਜ ਗਏ। ਪੰਜਾਬ ਵਿੱਚ ਹੜ੍ਹ ਆਈ ਤਾਂ ਗੁਜਰਾਤ ਭੱਜ ਗਏ। ਇਹ ਆਦਮੀ ਤਾਂ ਭਗੌੜਾ ਹੈ। ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਕਿਉਂ ਹਟਾਉਣਾ ਚਾਹੁੰਦੇ ਹਨ? ਕਿਉਂ ਇਸਦੇ ਪਿੱਛੇ ਪਏ ਹੋਏ ਹਨ? ਇਸਦਾ ਭਵਿੱਖ ਪੰਜਾਬ ਦੇ ਲੋਕ ਤੈਅ ਕਰਨਗੇ।
3 ਸਤੰਬਰ ਨੂੰ ਸਿਹਤ ਖਰਾਬ ਹੋਈ
2 ਸਤੰਬਰ ਨੂੰ ਸੀਐਮ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ 3 ਸਤੰਬਰ ਦੀ ਰਾਤ ਉਹਨਾਂ ਦੀ ਸਿਹਤ ਖਰਾਬ ਹੋ ਗਈ। 4 ਸਤੰਬਰ ਦੀ ਸਵੇਰੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਮਿਲਣ ਚੰਡੀਗੜ੍ਹ ਸਥਿਤ ਸੀਐਮ ਆਵਾਸ ‘ਤੇ ਪਹੁੰਚੇ।
ਇਸ ਤੋਂ ਬਾਅਦ ਸੀਐਮ ਨੇ ਕੇਜਰੀਵਾਲ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦਾ ਪ੍ਰੋਗ੍ਰਾਮ ਰੱਦ ਕਰ ਦਿੱਤਾ। 5 ਸਤੰਬਰ ਦੀ ਸ਼ਾਮ ਨੂੰ ਸਿਹਤ ਹੋਰ ਖਰਾਬ ਹੋਣ ਕਾਰਨ ਉਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਹਨਾਂ ਦੀ ਸਿਹਤ ਖਰਾਬ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਰੱਖੀ ਗਈ ਕੈਬਿਨੇਟ ਮੀਟਿੰਗ ਵੀ ਮੁਲਤਵੀ ਕਰਨੀ ਪਈ। ਦੂਜੇ ਪਾਸੇ, ਕਈ ਨੇਤਾ ਉਹਨਾਂ ਨਾਲ ਮਿਲੇ। 8 ਸਤੰਬਰ ਨੂੰ ਹਰਿਆਣਾ ਦੇ ਸੀਐਮ ਨਾਇਬ ਸੈਨੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਹਸਪਤਾਲ ਤੋਂ ਕੈਬਨਿਟ ਮੀਟਿੰਗ ਕੀਤੀ।






















