ਪਟਿਆਲਾ 'ਚ ਨਹੀਂ ਹੜ੍ਹਾਂ ਦਾ ਖਤਰਾ, ਡਰੇ ਲੋਕਾਂ ਨੂੰ ਡੀਸੀ ਦੀ ਅਪੀਲ

ਪਟਿਆਲਾ: ਬੀਤੇ 48 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਦਾ ਵਹਾਅ ਕਾਬੂ ਹੇਠ ਹੈ। ਇਸ ਬਾਰੇ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਕਿਉਂਕਿ ਪਟਿਆਲਾ ਜ਼ਿਲ੍ਹੇ ਵਿੱਚ ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਚੇਤ ਰਹਿਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਘੱਗਰ, ਪਟਿਆਲਾ ਨਦੀ, ਜੈਕਬ ਡਰੇਨ, ਝੰਬੋ ਚੋਅ ਦਾ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਕੇ ਆਏ ਹਨ। ਇਨ੍ਹਾਂ ਸਾਰੇ ਨਦੀ ਨਾਲਿਆਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਹੈ ਪਰ ਹਾਲ ਦੀ ਘੜੀ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਸਰਾਲਾ ਹੈੱਡ ਵਿਖੇ ਦੁਪਹਿਰ 12 ਵਜੇ ਤੱਕ ਪਾਣੀ ਸਿਰਫ਼ 9 ਫੁੱਟ ਵਗ ਰਿਹਾ ਸੀ ਜਦਕਿ ਖ਼ਤਰੇ ਦਾ ਨਿਸ਼ਾਨ 16 ਫੁੱਟ 'ਤੇ ਹੈ। ਇਸ ਤਰ੍ਹਾਂ ਪਟਿਆਲਾ ਨਦੀ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ। ਉਨ੍ਹਾਂ ਦੱਸਿਆ ਕਿ ਜੈਕਬ ਡਰੇਨ ਵਿੱਚ ਸੂਲਰ ਕੋਲ 4 ਫੁੱਟ ਪਾਣੀ ਵੱਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 6 ਫੁੱਟ 'ਤੇ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘੱਗਰ ਦਰਿਆ ਪਿੰਡ ਧਰਮੇੜੀ ਕੋਲ ਹਾਸੀ ਬੁਟਾਣਾ ਨਹਿਰ ਕੋਲ ਪਾਣੀ ਦਾ ਪੱਧਰ 15 ਫੁੱਟ ਹੈ ਜਦਕਿ ਉੁਸ ਦੀ ਸਮਰੱਥਾ 22 ਫੁੱਟ ਤੱਕ ਹੈ। ਇਸੇ ਤਰ੍ਹਾਂ ਖਨੌਰੀ ਸਾਈਫਨ 'ਤੇ ਘੱਗਰ ਵਿੱਚ ਪਾਣੀ 11 ਫੁੱਟ 'ਤੇ ਵਗ ਰਿਹਾ ਹੈ ਪਰ ਉਸਦੀ ਸਮਰੱਥਾ 25 ਫੁੱਟ ਹੈ।
ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ਤੋਂ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਲਈ ਉਨ੍ਹਾਂ ਘੱਗਰ ਕਿਨਾਰੇ ਵੱਸੇ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਸਰਹੰਦ ਚੋਅ 'ਤੇ ਟਾਂਗਰੀ ਵਿੱਚ ਪਾਣੀ ਹਾਲੇ ਤੱਕ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿੰਨੀ ਸਕੱਤਰੇਤ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ ਹੈ ਜਿਸ 'ਤੇ ਟੈਲੀਫ਼ੋਨ ਨੰਬਰ 0175-2352247 ਤੋਂ ਜਾਣਕਾਰੀ ਲਈ ਜਾ ਸਕਦੀ ਹੈ।






















