ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਡੇਰਾ ਸਿਰਸਾ ਦਾ ਸਿਆਸੀ ਪੈਂਤੜਾ, ਹਜ਼ਾਰਾਂ ਦੀ ਗਿਣਤੀ ’ਚ ਇਕੱਠ ਕਰਕੇ ਵਿਖਾਈ ਤਾਕਤ
ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਅਸਪਾਲ ਕਲਾਂ ਨੇ ਪੰਜਾਬ ਸਰਕਾਰ ...
ਸੰਗਰੂਰ: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਡੇਰਾ ਸਿਰਸਾ ਦੇ ਪੈਰੋਕਾਰ ਵੀ ਸਰਗਰਮ ਹੋ ਗਏ ਹਨ। ਸੰਗਰੂਰ ਹਲਕੇ ਵਿੱਚ ਵੱਡੀ ਗਿਣਤੀ ਡੇਰਾ ਪੈਰੋਕਾਰ ਹਨ ਜੋ ਚੋਣਾਂ ਵਿੱਚ ਕਿਸੇ ਉਮੀਦਵਾਰ ਦੀ ਜਿੱਤ-ਹਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਡੇਰਾ ਸਿਰਸਾ ਦਾ ਰਾਜਨੀਤਕ ਵਿੰਗ ਸਰਗਰਮ ਹੋ ਗਿਆ ਹੈ।
ਇਸ ਤਹਿਤ ਐਤਵਾਰ ਨੂੰ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਜੁੜੇ ਡੇਰਾ ਪ੍ਰੇਮੀਆਂ ਵੱਲੋਂ ਹੱਥ ਖੜ੍ਹੇ ਕਰਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਡੇਰਾ ਸਿਰਸਾ ਦੇ ਪ੍ਰਬੰਧਕਾਂ ਵੱਲੋਂ ਇਕੱਠ ਨੂੰ ਜ਼ਿਲ੍ਹਾ ਪੱਧਰੀ ਨਾਮ ਚਰਚਾ ਦਾ ਨਾਂ ਦਿੱਤਾ ਗਿਆ ਸੀ ਪਰ ਸਿਆਸੀ ਮਾਹਿਰ ਇਸ ਨੂੰ ਡੇਰਾ ਪ੍ਰੇਮੀਆਂ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖ ਰਹੇ ਹਨ। ਸਿਆਸੀ ਹਲਕਿਆਂ ਵਿੱਚ ਡੇਰਾ ਪ੍ਰੇਮੀਆਂ ਦੇ ਸ਼ਕਤੀ ਪ੍ਰਦਰਸ਼ਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਅਸਪਾਲ ਕਲਾਂ ਨੇ ਪੰਜਾਬ ਸਰਕਾਰ ਨੂੰ ਪੇਸ਼ਕਸ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਪੁੱਟਣਾ ਚਾਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਸਿਰਸਾ ਹਰ ਪੱਧਰ ’ਤੇ ਸਰਕਾਰ ਦੀ ਮਦਦ ਲਈ ਤਿਆਰ ਹੈ।
ਲੋਕ ਸਭਾ ਜ਼ਿਮਨੀ ਚੋਣ ’ਚ ਡੇਰਾ ਪ੍ਰੇਮੀਆਂ ਦੀ ਭੂਮਿਕਾ ਬਾਰੇ ਰਾਮ ਸਿੰਘ ਨੇ ਕਿਹਾ ਕਿ ਰਾਜਨੀਤਕ ਵਿੰਗ ਵੱਲੋਂ ਮੀਟਿੰਗਾਂ ਕਰ ਕੇ ਸੰਗਤ ਦੀ ਰਾਏ ਲਈ ਜਾ ਰਹੀ ਹੈ। ਸੰਗਤ ਦੀ ਰਾਏ ਤੇ ਇਕਜੁੱਟਤਾ ਨਾਲ ਹੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਹਨ, ਉਸ ਤੋਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਉਪਰ ਸਵਾਲ ਖੜ੍ਹਾ ਹੁੰਦਾ ਹੈ। ਪੰਜਾਬ ਵਿੱਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਜੇਕਰ ਚਿੱਟਾ, ਨਸ਼ੀਲੀਆਂ ਗੋਲੀਆਂ, ਸ਼ਰਾਬ ਆਦਿ ਨਸ਼ੇ ਉਪਰ ਕੰਟਰੋਲ ਨਾ ਹੋਇਆ ਤਾਂ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ ਵਿਚ ਹੋਰ ਵੀ ਬਦਤਰ ਹੋ ਸਕਦੇ ਹਨ।