ਪੰਜਾਬ ਦੀਆਂ ਔਰਤਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਸਬੰਧੀ ਪਾਲਿਸੀ ਉਲੀਕਣ ਲਈ ਪੀੜਤਾਂ ਨਾਲ ਜਲੰਧਰ 'ਚ ਹੋਵੇਗੀ ਵਿਚਾਰ ਚਰਚਾ - ਡਾ. ਬਲਜੀਤ ਕੌਰ
ਪੰਜਾਬ ਦੀਆਂ ਮਹਿਲਾਵਾਂ ਨੂੰ ਵਿਦੇਸ਼ਾਂ ਵਿਚ ਭੇਜ ਕਿ ਉਨ੍ਹਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
Punjab news: ਪੰਜਾਬ ਦੀਆਂ ਮਹਿਲਾਵਾਂ ਨੂੰ ਵਿਦੇਸ਼ਾਂ ਵਿਚ ਭੇਜ ਕਿ ਉਨ੍ਹਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਸਬੰਧੀ ਮਹਿਲਾਵਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਰਾਜ ਪੱਧਰੀ ਪਾਲਿਸੀ ਉਲੀਕਣ ਲਈ ਪੀੜਿਤਾਂ ਨਾਲ ਜਲੰਧਰ ਵਿਖੇ 11 ਜੂਨ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ.ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਵਿਚਾਰ ਚਰਚਾ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਦਿੰਦਿਆ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੀਆਂ ਮਹਿਲਾਵਾਂ ਜੋ ਵਿਦੇਸ਼ਾਂ ਵਿਚ ਜਾਣ ਦੀਆਂ ਇੱਛੁੱਕ ਹਨ, ਉਥੇ ਵੱਸੀਆਂ ਹੋਈਆਂ ਹਨ ਜਾਂ ਵਾਪਸ ਆ ਚੁੱਕੀਆ ਹਨ ਦੇ ਹੱਕਾਂ ਦੀ ਰਾਖੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੁੱਝ ਏਜੰਟਾਂ ਵੱਲੋਂ ਸੂਬੇ ਦੀਆਂ ਮਹਿਲਾਵਾਂ ਨੂੰ ਵਿਦੇਸ਼ਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਭੇਜਣ ਦੇ ਮੰਤਵ ਨਾਲ ਨੌਕਰੀ ਦਾ ਝਾਂਸਾ ਦੇਣ ਅਤੇ ਗਲਤ ਬਿਆਨ ਬਾਜ਼ੀ ਕਰਕੇ ਉਨ੍ਹਾਂ ਨਾਲ ਕਈ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਸਥਿਤੀ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਇਕ ਰਾਜ ਪੱਧਰੀ ਪਾਲਿਸੀ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਵਿਚ ਹਰ ਤਰ੍ਹਾਂ ਦਾ ਸ਼ੋਸਣ ਭੁਗਤ ਚੁੱਕੀਆ ਔਰਤਾਂ ਦੇ ਦੁਖਾਂਤ ਨੂੰ ਸੁਣਨ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਪਾਲਿਸੀ ਵਿਚ ਸ਼ਾਮਲ ਕਰਨ ਲਈ 11 ਜੂਨ ਨੂੰ ਡਿਪਟੀ ਕਮਿਸ਼ਨਰ, ਜਲੰਧਰ ਦੇ ਦਫਤਰ ਵਿਖੇ 11.00 ਤੋਂ 1.00 ਵਜੇ ਤੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Wrestlers Protest: ਨੌਕਰੀ ‘ਤੇ ਵਾਪਿਸ ਪਰਤੇ ਪਹਿਲਵਾਨ, ਜਾਣੋ ਰੇਲਵੇ ‘ਚ ਕੀ ਕੰਮ ਕਰਦੇ ਇਹ ਖ਼ਿਡਾਰੀ
ਮੰਤਰੀ ਨੇ ਵਿਆਖਿਆ ਕੀਤੀ ਕਿ ਮਹਿਲਾਵਾਂ ਦੇ ਸ਼ੋਸ਼ਣ ਸਬੰਧੀ ਘਟਨਾਵਾਂ ਖਾਸ ਤੌਰ ਤੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਨਿਯੂਜੀਲੈਡ, ਮੱਧ ਪੂਰਬੀ ਦੇਸ਼ ਜਿਵੇਂ ਕੁਵੈਤ, ਦੁਬੰਈ ਓਮਾਨ ਆਦਿ ਤੋਂ ਅਜਿਹੀਆਂ ਮੰਦਭਾਗੀ ਘਟਨਾਵਾਂ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਵਤੀਰੇ ਨੂੰ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ ਐਨ.ਆਰ.ਆਈ ਵਿਅਕਤੀਆਂ/ਏਜੰਟਾਂ/ਰਿਸ਼ਤੇਦਾਰਾਂ ਦੇ ਝਾਂਸੇ ਵਿੱਚ ਆ ਕੇ ਧੋਖਾ ਖਾ ਚੁੱਕੀਆਂ ਮਹਿਲਾਵਾਂ ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਵੱਖ ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹਿਆਂ ਤੋਂ ਅਜਿਹੀਆਂ ਔਰਤਾਂ, ਜੋ ਵਿਦੇਸ਼ਾਂ ਵਿਚ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ, ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਪੱਤਰ ਵੀ ਲਿਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰ: 0181-2253285, 70092-39158 ਅਤੇ ਸਖੀ ਵਨ ਸਟਾਪ ਸੈਂਟਰ, ਜਲੰਧਰ 90231-31010 ਤੇ ਸੰਪਰਕ ਕੀਤਾ ਜਾ ਸਕਦਾ ਹੈ।