ਕਾਂਗਰਸ ਦੀ ਕਾਰ ਪਾਰਕਿੰਗ ਲੜਾਈ 'ਤੇ ਬੋਲੇ ਡਾ. ਇੰਦਰਜੀਤ ਨਿੱਜਰ, 'ਜੇ ਕਿਸੇ ਨੂੰ 100-200 ਮੀਟਰ ਚੱਲਣਾ ਵੀ ਪੈ ਜਾਵੇ ਤਾਂ ਉਹ ਸਰੀਰ ਲਈ ਲਾਭਦਾਇਕ'
Punjab News : ਡਾ. ਨਿੱਜਰ ਨੇ ਕਿਹਾ ਕਿ ਪਿਛਲੇ ਸਮੇਂ 'ਚ ਜੋ ਵੀ ਬੇਨਿਯਮੀਆਂ ਹੋਈਆਂ ਹਨ, ਉਨ੍ਹਾਂ ਦਾ ਇੱਕ-ਇੱਕ ਰੁਪਏ ਦਾ ਹਿਸਾਬ ਸਰਕਾਰ ਲਵੇਗੀ। ਡਾ. ਨਿੱਜਰ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਿੱਜੀ ਰੰਜਿਸ਼...
ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਜੀਲੈਂਸ ਦੇ ਖ਼ਿਲਾਫ਼ ਅੱਜ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਕਾਰ ਪਾਰਕਿੰਗ ਨੂੰ ਲੈ ਕੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਨਾਰਾਜ ਹੋਣ 'ਤੇ ਸਿਆਸੀ ਵਿਰੋਧੀਆਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਕੈਬਨਿਟ ਵਜੀਰ ਡਾ. ਇੰਦਰਜੀਤ ਸਿੰਘ ਨਿੱਜਰ ਨੇ ਕਿਹਾ ਕਿ ਘੱਟੋ-ਘੱਟ ਅਜਿਹੇ ਮੌਕਿਆਂ 'ਤੇ ਕਾਂਗਰਸੀਆਂ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਭਾਵੇਂ ਕਿ ਸਰਕਾਰ/ਵਿਜੀਲੈਂਸ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੀ ਹੈ ਪਰ ਜੇਕਰ ਕਿਸੇ ਨੂੰ 100-200 ਮੀਟਰ ਚੱਲਣਾ ਵੀ ਪੈ ਜਾਵੇ ਤਾਂ ਉਹ ਸਰੀਰ ਲਈ ਲਾਭਦਾਇਕ ਹੈ।
ਡਾ. ਨਿੱਜਰ ਨੇ ਕਿਹਾ ਕਿ ਪਿਛਲੇ ਸਮੇਂ 'ਚ ਜੋ ਵੀ ਬੇਨਿਯਮੀਆਂ ਹੋਈਆਂ ਹਨ, ਉਨ੍ਹਾਂ ਦਾ ਇੱਕ-ਇੱਕ ਰੁਪਏ ਦਾ ਹਿਸਾਬ ਸਰਕਾਰ ਲਵੇਗੀ। ਡਾ. ਨਿੱਜਰ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਿੱਜੀ ਰੰਜਿਸ਼ ਤਹਿਤ ਕਿਸੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਕੰਮ ਕਰਨ ਦੇ ਦੌਰਾਨ ਜੋ ਜੋ ਫਾਈਲਾਂ 'ਚ ਗੜਬੜੀ ਸਾਹਮਣੇ ਆਉਂਦੀ ਹੈ, ਉਸ ਦੀ ਜਾਂਚ ਸਰਕਾਰ ਕਰ ਰਹੀ ਹੈ। ਡਾ. ਨਿੱਜਰ ਨੇ ਕਿਹਾ ਸਾਧੂ ਸਿੰਘ ਧਰਮਸੋਤ ਖਿਲਾਫ ਸ਼ਿਕਾਇਤ ਤਾਂ ਪਿਛਲੀ ਸਰਕਾਰ ਵੇਲੇ ਹੀ ਮਿਲ ਗਈ ਸੀ।
ਡਾ. ਨਿੱਜਰ ਨੇ ਕਿਹਾ ਕਿ ਉਨ੍ਹਾਂ ਦੇ ਲੋਕਲ ਬਾਡੀਜ ਵਿਭਾਗ 'ਚ ਪਿਛਲੇ ਸਮੇਂ 'ਚ ਬਥੇਰੀਆਂ ਬੇਨਿਯਮੀਆਂ ਹੋਈਆਂ ਹਨ ਤੇ ਭਾਵੇਂ ਜਿਹੜਾ ਮਰਜੀ ਵਜੀਰ ਰਿਹਾ ਹੋਵੇ, ਸਰਕਾਰ ਉਨ੍ਹਾਂ ਦੀ ਜਾਂਚ ਵੀ ਕਰਵਾ ਰਹੀ ਹੈ। ਪੈਸੇ ਦੀ ਖਾਤਰ ਲੋਕਾਂ ਦੀ ਬੇਵਜਾ ਖੱਜਲਖੁਆਰੀ ਹੁੰਦੀ ਰਹੀ ਹੈ, ਜਿਸ ਨੂੰ ਹੁਣ ਉਹ ਠੀਕ ਕਰ ਰਹੇ ਹਨ।
ਮਨੀਸ਼ ਸਿਸੋਦੀਆ ਖਿਲਾਫ ਕਾਰਵਾਈ 'ਤੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਪੰਜਾਬ/ਦਿੱਲੀ ਤੋਂ ਬਾਅਦ ਹਿਮਾਚਲ-ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਵਧ ਰਹੀ ਲੋਕਪ੍ਰਿਅਤਾ ਨੂੰ ਭਾਜਪਾ ਹਜਮ ਨਹੀਂ ਕਰ ਪਾ ਰਹੀ, ਜਿਸ ਕਰਕੇ ਮਨੀਸ਼ ਸਿਸੋਦੀਆ ਖਿਲਾਫ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਬਾਰੇ ਡਾ. ਨਿੱਜਰ ਨੇ ਕਿਹਾ ਕਿ ਸ਼ਹਿਰਾਂ ਦਾ ਜੰਗੀ ਪੱਧਰ 'ਤੇ ਵਿਕਾਸ ਹੋਵੇਗਾ ਤੇ ਫੰਡ ਦੀ ਕੋਈ ਕਮੀ ਨਹੀਂ ਹੈ।