Farmers Protest: ਦਿੱਲੀ ਕੂਚ ਲਈ ਕਿਸਾਨ ਲੀਡਰਾਂ ਵੱਲੋਂ ਰਣਨੀਤੀ ਦਾ ਐਲਾਨ, ਹੁਣ ਸੁਰੱਖਿਆ ਬਲਾਂ ਵੀ ਹੈਰਾਨ!
Farmers Protest: ਅਜਿਹੇ ਵਿੱਚ ਸੁਰੱਖਿਆ ਬਲਾਂ ਲਈ ਸਖਤੀ ਕਰਨੀ ਵੀ ਮੁਸ਼ਕਲ ਹੋਏਗੀ। ਦਰਅਸਲ ਸੁਰੱਖਿਆ ਬਲ ਦਾਅਵਾ ਕਰ ਰਹੇ ਹਨ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਸਖਤੀ ਦੀ ਵਰਤੋਂ ਕਰ ਰਹੇ ਹਨ। ਹੁਣ ਜੇਕਰ ਕਿਸਾਨ ਲੀਡਰਸ਼ਿਪ ਅੱਗੇ ਹੁੰਦੀ ਹੈ...
Farmers Protest: ਦਿੱਲੀ ਕੂਚ ਕਰਨ ਲਈ ਕਿਸਾਨ ਲੀਡਰਾਂ ਨੇ ਨਵੀਂ ਰਣਨੀਤੀ ਬਣਾਈ ਹੈ। ਇਸ ਤਹਿਤ ਨੌਜਵਾਨ ਤੇ ਆਮ ਕਿਸਾਨ ਨਹੀਂ ਸਗੋਂ ਕਿਸਾਨ ਲੀਡਰ ਦਿੱਲੀ ਕੂਚ ਵਿੱਚ ਸਭ ਤੋਂ ਅੱਗੇ ਹੋਣਗੇ। ਕਿਸਾਨਾਂ ਦੇ ਦਿੱਲੀ ਕੂਚ ਸਬੰਧੀ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਸਪੱਸ਼ਟ ਕੀਤਾ ਹੈ ਦਿੱਲੀ ਕੂਚ ਲਈ ਸਭ ਤੋਂ ਅੱਗੇ ਲੀਡਰਸ਼ਿਪ ਰਹੇਗੀ।
ਅਜਿਹੇ ਵਿੱਚ ਸੁਰੱਖਿਆ ਬਲਾਂ ਲਈ ਸਖਤੀ ਕਰਨੀ ਵੀ ਮੁਸ਼ਕਲ ਹੋਏਗੀ। ਦਰਅਸਲ ਸੁਰੱਖਿਆ ਬਲ ਦਾਅਵਾ ਕਰ ਰਹੇ ਹਨ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਸਖਤੀ ਦੀ ਵਰਤੋਂ ਕਰ ਰਹੇ ਹਨ। ਹੁਣ ਜੇਕਰ ਕਿਸਾਨ ਲੀਡਰਸ਼ਿਪ ਅੱਗੇ ਹੁੰਦੀ ਹੈ ਤਾਂ ਉਨ੍ਹਾਂ ਉਪਰ ਸਖਤੀ ਕਰਨੀ ਔਖੀ ਹੋਏਗੀ। ਇਸ ਤੋਂ ਇਲਾਵਾ ਕਿਸਾਨ ਲੀਡਰ ਨਹੀਂ ਚਾਹੁੰਦੇ ਕਿ ਤੈਸ਼ ਵਿੱਚ ਆ ਕੇ ਨੌਜਵਾਨ ਕੋਈ ਗਲਤ ਕਦਮ ਚੁੱਕਣ।
ਕਿਸਾਨ ਲੀਡਰ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ ਤੇ ਨੌਜਵਾਨ ਇਸ ਮਾਰਚ ਵਿੱਚ ਅੱਗੇ ਨਹੀਂ ਜਾਵੇਗਾ। ਸਿਰਫ਼ ਕਿਸਾਨ ਆਗੂ ਹੀ ਅੱਗੇ ਵਧਣਗੇ ਤੇ ਉਹ ਵੀ ਇਸ ਦੌਰਾਨ ਸ਼ਾਂਤੀਪੂਰਵਕ ਅੱਗੇ ਵਧਣਗੇ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਕਾਨੂੰਨ ਬਣਾ ਕੇ ਇਸ ਪੂਰੇ ਮਾਮਲੇ ਨੂੰ ਖਤਮ ਕੀਤਾ ਜਾ ਸਕਦਾ ਹੈ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ ਜਦੋਂ ਵੀ ਗੱਲਬਾਤ ਦਾ ਸੱਦਾ ਮਿਲਿਆ ਤਾਂ ਅਸੀਂ ਇਸ ਵਿੱਚ ਸ਼ਮੂਲੀਅਤ ਕੀਤੀ। ਅਸੀਂ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ। ਹਰ ਮੰਗ 'ਤੇ ਚਰਚਾ ਹੋ ਚੁੱਕੀ ਹੈ ਤੇ ਹੁਣ ਫੈਸਲਾ ਲੈਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਮੁਖੀ ਅੱਗੇ ਆ ਕੇ ਕਹਿੰਦਾ ਹੈ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ ਬਾਰੇ ਗਾਰੰਟੀ ਕਾਨੂੰਨ ਬਣਾਉਣ ਲਈ ਤਿਆਰ ਹਾਂ ਤਾਂ ਸਥਿਤੀ ਸ਼ਾਂਤ ਹੋ ਸਕਦੀ ਹੈ।
ਪੰਧੇਰ ਨੇ ਅੱਗੇ ਕਿਹਾ ਕਿ ਇੱਥੇ ਹਰ ਮਾਂ ਦਾ ਇਕਲੌਤਾ ਪੁੱਤਰ ਹੈ। ਅਸੀਂ ਆਪਣੇ ਪੱਖ ਤੋਂ ਪੂਰੀ ਤਰ੍ਹਾਂ ਸ਼ਾਂਤਮਈ ਰਹਿਣ ਜਾ ਰਹੇ ਹਾਂ ਪਰ ਅਸੀਂ ਦੇਖਿਆ ਜਾ ਰਿਹਾ ਹੈ ਕਿ ਨੀਮ ਫੌਜੀ ਬਲ ਕਿਸਾਨਾਂ ਤੇ ਮਜ਼ਦੂਰਾਂ ਦੇ ਖੂਨ ਨਾਲ ਹੋਲੀ ਖੇਡਣਾ ਚਾਹੁੰਦੇ ਹਨ। ਇਹ ਦੇਸ਼ ਸਾਰਿਆਂ ਦਾ ਹੈ ਤੇ ਪੀਐਮ ਮੋਦੀ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਸਾਡੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਈ 1.5 ਜਾਂ 2.5 ਲੱਖ ਕਰੋੜ ਰੁਪਏ ਜ਼ਿਆਦਾ ਨਹੀਂ ਹਨ। ਦੇਸ਼ ਦੀ 80 ਫੀਸਦੀ ਆਬਾਦੀ ਇਸ ਪੈਸੇ 'ਤੇ ਨਿਰਭਰ ਹੈ।
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਜੇਕਰ ਕੇਂਦਰ ਨੂੰ ਲੱਗਦਾ ਹੈ ਕਿ ਸਾਡੀਆਂ ਮੰਗਾਂ ਮੰਨਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਉਸ ਨੂੰ ਸੰਵਿਧਾਨ ਦੀ ਰਾਖੀ ਹੀ ਕਰਨੀ ਚਾਹੀਦੀ ਹੈ। ਪੀਐਮ ਮੋਦੀ ਨੂੰ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਬੈਰੀਕੇਡਾਂ ਨੂੰ ਹਟਾਉਣਾ ਚਾਹੀਦਾ ਹੈ ਤੇ ਸਾਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਰਪਾ ਕਰਕੇ ਸਾਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣ ਦੀ ਇਜਾਜ਼ਤ ਦਿਓ। ਇਸ ਨਾਲ ਡੈੱਡਲਾਕ ਖਤਮ ਹੋ ਜਾਵੇਗਾ। ਨੌਜਵਾਨਾਂ ਤੋਂ ਲੈ ਕੇ ਕਿਸਾਨਾਂ ਤੱਕ ਅਸੀਂ ਸਾਰੇ ਇੱਕ ਹਾਂ। ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਹੋਵੇ, ਜਿਸ ਕਾਰਨ ਦੁਖਦਾਈ ਤਸਵੀਰਾਂ ਦੇਖਣ ਨੂੰ ਮਿਲਣ। ਸਾਡੇ ਪਾਸਿਓਂ ਕੋਈ ਹਮਲਾ ਨਹੀਂ ਹੋਵੇਗਾ। ਹੁਣ ਫੈਸਲਾ ਲੈਣ ਲਈ ਗੇਂਦ ਕੇਂਦਰ ਦੇ ਪਾਲੇ ਵਿੱਚ ਹੈ।
ਉਧਰ, ਦੂਜੇ ਪਾਸੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਉਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਬੁੱਧਵਾਰ ਸਵੇਰੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਜਲ੍ਹਿਆਂਵਾਲਾ ਬਾਗ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਇੰਝ ਲੱਗਦਾ ਹੈ ਜਿਵੇਂ ਕਿਸਾਨ ਨੇ ਮਿਜ਼ਾਈਲ ਤਾਇਨਾਤ ਕਰ ਦਿੱਤੀ ਹੋਵੇ। ਕਿਸਾਨਾਂ ਨੂੰ ਸ਼ਾਂਤੀ ਵਾਰਤਾ ਨਹੀਂ ਐਮਐਸਪੀ ਚਾਹੀਦੀ ਹੈ।