ਜਦੋਂ ਕਿਸਾਨ ਨੇ ਲਿਆ ਮੁੱਖ ਮੰਤਰੀ ਚੰਨੀ ਦਾ ਨਾਂ, ਬਿਜਲੀ ਮੁਲਾਜ਼ਮ ਦੇ ਉੱਡੇ ਹੋਸ਼, ਮੁੜ ਜੋੜਿਆ ਕੱਟਿਆ ਕਨੈਕਸ਼ਨ
ਮੁਲਾਜ਼ਮ ਨੇ ਜੂਨੀਅਰ ਇੰਜਨੀਅਰ (ਜੇਈ) ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀ ਇਸ ਲਈ ਸਹਿਮਤ ਨਹੀਂ ਹੋਏ। ਉਨ੍ਹਾਂ ਨੇ ਵੀਡੀਓ ਬਣਾ ਕੇ ਇਸ ਬਾਰੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ।
ਚੰਡੀਗੜ੍ਹ: ਪੰਜਾਬ 'ਚ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਇੱਕ ਮੁਲਾਜ਼ਮ ਨੇ ਪਿੰਡ ਵਿੱਚ ਇੱਕ ਘਰ ਦੀ ਬਿਜਲੀ ਕੱਟ ਦਿੱਤੀ। ਇਹ ਵੇਖ ਕੇ ਪਿੰਡ ਵਾਸੀਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਬਿੱਲ ਨਾ ਭਰਨ 'ਤੇ ਕਿਸੇ ਦੀ ਬਿਜਲੀ ਨਹੀਂ ਕੱਟੀ ਜਾਵੇਗੀ। ਫਿਰ ਉਸ ਨੇ ਬਿਜਲੀ ਕਿਉਂ ਕੱਟੀ?
ਮੁਲਾਜ਼ਮ ਨੇ ਜੂਨੀਅਰ ਇੰਜਨੀਅਰ (ਜੇਈ) ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀ ਇਸ ਲਈ ਸਹਿਮਤ ਨਹੀਂ ਹੋਏ। ਉਨ੍ਹਾਂ ਨੇ ਵੀਡੀਓ ਬਣਾ ਕੇ ਇਸ ਬਾਰੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਮੁਲਾਜ਼ਮ ਨੂੰ ਕੱਟਿਆ ਕਨੈਕਸ਼ਨ ਦੁਬਾਰਾ ਜੋੜਨ ਲਈ ਮਜਬੂਰ ਹੋਣਾ ਪਿਆ।
ਇਸ ਘਟਨਾ ਦੀ ਵੀਡੀਓ ਹੁਣ ਵਾਇਰਲ ਹੋਈ ਹੈ। ਬਿਜਲੀ ਮੁਲਾਜ਼ਮ ਇਕ ਘਰ ਦੇ ਬਾਹਰ ਲੱਗੇ ਮੀਟਰ ਦਾ ਕਨੈਕਸ਼ਨ ਕੱਟ ਕੇ ਵਾਪਸ ਜਾਣ ਲੱਗਦਾ ਹੈ। ਇਹ ਵੇਖ ਕੇ ਪਿੰਡ ਵਾਲਿਆਂ ਨੇ ਉਸ ਨੂੰ ਰੋਕ ਲਿਆ। ਮੁਲਾਜ਼ਮ ਨੇ ਤੁਰੰਤ ਜੇਈ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਲੇ ਇਸ ਲਈ ਸਹਿਮਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਅਜੇ ਵੀ ਕੈਪਟਨ ਸਰਕਾਰ ਦੀਆਂ ਨੀਤੀਆਂ ਦੀ ਆਦਤ ਪਈ ਹੋਈ ਹੈ। ਘਰ ਦੀ ਬਿਜਲੀ ਕੱਟੇ ਜਾਣ ਮਗਰੋਂ ਔਰਤ ਕਹਿੰਦੀ ਰਹੀ ਕਿ ਉਹ ਕਿਸ਼ਤਾਂ 'ਚ ਬਿੱਲ ਭਰਨ ਲਈ ਤਿਆਰ ਹੈ। ਮੁਲਾਜ਼ਮ ਉਸ ਦੀ ਗੱਲ ਸੁਣ ਹੀ ਨਹੀਂ ਰਿਹਾ ਸੀ, ਜਿਸ ਤੋਂ ਬਾਅਦ ਵਿਵਾਦ ਵੱਧ ਗਿਆ। ਫਿਲਹਾਲ ਇਹ ਘਟਨਾ ਕਿੱਥੋਂ ਦੀ ਹੈ, ਇਸ ਬਾਰੇ ਸਰਕਾਰੀ ਪੱਧਰ 'ਤੇ ਜਾਂਚ ਸ਼ੁਰੂ ਹੋ ਚੁੱਕੀ ਹੈ।
ਜਿਸ ਮੁਲਾਜ਼ਮ ਨੇ ਬਿਜਲੀ ਦਾ ਕਨੈਕਸ਼ਨ ਕੱਟਿਆ, ਉਹ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਪ੍ਰੇਸ਼ਾਨ ਹੋ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਕਨੈਕਸ਼ਨ ਕੱਟਣ ਤੋਂ ਬਾਅਦ ਇੱਥੋਂ ਚਲਾ ਗਿਆ ਤਾਂ ਉਹ ਮੁੱਖ ਮੰਤਰੀ ਨੂੰ ਸ਼ਿਕਾਇਤ ਕਰ ਦੇਣਗੇ। ਉਹ ਵੀਡੀਓ ਬਣਾ ਰਹੇ ਹਨ। ਮੁਲਾਜ਼ਮ ਨੇ ਜੇਈ ਨਾਲ ਫ਼ੋਨ 'ਤੇ ਉਨ੍ਹਾਂ ਦੀ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਇਨਕਾਰ ਕਰ ਦਿੱਤਾ। ਪਿੰਡ ਵਾਸੀ ਜੇਈ ਨੂੰ ਮੌਕੇ 'ਤੇ ਬੁਲਾਉਣ ਲਈ ਕਹਿੰਦੇ ਰਹੇ। ਹਾਲਾਂਕਿ ਵਿਰੋਧ ਵਧਣ ਤੋਂ ਬਾਅਦ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਆਇਆ। ਜੇਈ ਨੇ ਕਰਮਚਾਰੀ ਨੂੰ ਫ਼ੋਨ 'ਤੇ ਹੀ ਕੁਨੈਕਸ਼ਨ ਜੋੜਨ ਲਈ ਕਹਿ ਦਿੱਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ ਨੂੰ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਸੀ ਕਿ ਜਦੋਂ ਬਿੱਲ ਪੈਂਡਿੰਗ ਹੋਣ 'ਤੇ ਕਿਸੇ ਦਾ ਵੀ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ। ਪੁਰਾਣੇ ਬਿੱਲ ਮਾਫ਼ ਕੀਤੇ ਜਾਣਗੇ। ਐਸਸੀ ਤੇ ਬੀਪੀਐਲ ਪਰਿਵਾਰਾਂ ਨੂੰ ਮੁਫਤ ਬਿਜਲੀ ਯੂਨਿਟ 200 ਤੋਂ ਵਧਾ ਕੇ 300 ਯੂਨਿਟ ਕੀਤੀ ਜਾਵੇਗੀ। ਪਿੰਡਾਂ 'ਚ ਪਾਣੀ ਦਾ ਬਿੱਲ ਨਹੀਂ ਆਵੇਗਾ। ਮੁੱਖ ਮੰਤਰੀ ਦੇ ਇਸ ਐਲਾਨ ਦੀ ਬਹੁਤ ਸ਼ਲਾਘਾ ਹੋਈ ਸੀ। ਹੁਣ ਲੋਕਾਂ ਨੇ ਖੁਦ ਉਨ੍ਹਾਂ ਦੇ ਐਲਾਨਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਲਾਹੌਲ ਦੇ ਗਲੇਸ਼ੀਅਰ 'ਚ ਫਸੇ ਟਰੈਕਰਾਂ ਸਮੇਤ 14 ਲੋਕ, ਦੋ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin