Lok Sabha Election: ਹਰਿਆਣਾ ਦੇ ਕਿਸਾਨਾਂ ਨੇ ਬੀਜੇਪੀ ਉਮੀਦਵਾਰ ਨੂੰ ਘੇਰਿਆ, ਬੋਲੇ...ਪਹਿਲਾਂ ਦਿੱਲੀ ਜਾਣੋਂ ਰੋਕਣ ਦਾ ਦਿਓ ਹਿਸਾਬ
Haryana News: ਅੱਜ ਡੱਬਵਾਲੀ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਜੰਮ ਕੇ ਵਿਰੋਧ ਕੀਤਾ। ਕਿਸਾਨਾਂ ਨੇ ਅਸ਼ੋਕ ਤੰਵਰ ਨੂੰ ਕਾਲੇ ਝੰਡੇ ਦਿਖਾਏ ਤੇ ਵਾਪਸ ਜਾਓ ਦੇ ਨਾਅਰੇ ਲਾਏ।
Haryana News: ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਵੀ ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਡੱਬਵਾਲੀ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਜੰਮ ਕੇ ਵਿਰੋਧ ਕੀਤਾ। ਕਿਸਾਨਾਂ ਨੇ ਅਸ਼ੋਕ ਤੰਵਰ ਨੂੰ ਕਾਲੇ ਝੰਡੇ ਦਿਖਾਏ ਤੇ ਵਾਪਸ ਜਾਓ ਦੇ ਨਾਅਰੇ ਲਾਏ। ਧਰਨੇ ਨੂੰ ਲੈ ਕੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਤੰਵਰ ਕਿਸਾਨਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਚਲੇ ਗਏ।
ਦੱਸ ਦਈਏ ਕਿਕ ਡੱਬਵਾਲੀ ਵਿੱਚ ਅਸ਼ੋਕ ਤੰਵਰ ਖ਼ਿਲਾਫ਼ ਕਿਸਾਨਾਂ ਨੇ ਤੀਜੀ ਵਾਰ ਰੋਸ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਸਬੰਧੀ ਤੰਵਰ ਤੋਂ ਸਵਾਲ ਪੁੱਛੇ ਸੀ। ਤੰਵਰ ਨੇ ਕਿਹਾ ਕਿ ਕਿਸਾਨ ਖੇਤਾਂ ਜਾਂ ਮੰਡੀਆਂ ਵਿੱਚ ਹੀ ਕਿਸਾਨ ਹਨ ਪਰ ਹੁਣ ਵਿਰੋਧੀ ਧਿਰ ਇਨ੍ਹਾਂ ਲੋਕਾਂ ਨੂੰ ਢਾਲ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਨੁਮਾਇੰਦਿਆਂ ਕੋਲ ਕੋਈ ਅਹਿਮ ਮੁੱਦਾ ਹੈ ਤਾਂ ਸਰਕਾਰ ਗੱਲਬਾਤ ਲਈ ਤਿਆਰ ਹੈ ਪਰ ਹੁਣ ਚੋਣਾਂ ਦਾ ਮੌਸਮ ਹੈ।
ਦਰਅਸਲ ਸਿਰਸਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਸ਼ੋਕ ਤੰਵਰ ਜਨ ਸਭਾ ਨੂੰ ਸੰਬੋਧਨ ਕਰਨ ਲਈ ਡੱਬਵਾਲੀ ਪੁੱਜੇ, ਜਿੱਥੇ ਕਿਸਾਨ ਪਹਿਲਾਂ ਹੀ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਤਿਆਰ ਸਨ। ਜਿਵੇਂ ਹੀ ਭਾਜਪਾ ਉਮੀਦਵਾਰ ਡਾ. ਅਸ਼ੋਕ ਤੰਵਰ ਦਾ ਕਾਫ਼ਲਾ ਡੱਬਵਾਲੀ ਪੁੱਜਾ ਤਾਂ ਕਿਸਾਨ ਜਥੇਬੰਦੀਆਂ ਨੇ ਕਾਲੇ ਝੰਡੇ ਦਿਖਾ ਕੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੇ ਮੱਦੇਨਜ਼ਰ ਡੱਬਵਾਲੀ ਦੇ ਨੈਸ਼ਨਲ ਹਾਈਵੇ ਗੋਲ ਚੌਕ ’ਤੇ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
ਇਹ ਵੀ ਪੜ੍ਹੋ: Supreme Court: SC ਨੇ 30 ਹਫ਼ਤੇ ਦੀ ਗਰਭਵਤੀ 14 ਸਾਲ ਦੀ ਰੇਪ ਪੀੜਤਾ ਨੂੰ ਗਰਭਪਾਤ ਦੀ ਦਿੱਤੀ ਇਜਾਜ਼ਤ, ਜਾਣੋ ਪੂਰਾ ਮਾਮਲਾ
ਲੋਕ ਸਭਾ ਸੀਟ ਸਿਰਸਾ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਜਿਵੇਂ ਹੀ ਡੱਬਵਾਲੀ ਸ਼ਹਿਰ ਵਿੱਚ ਆਪਣੇ ਚੋਣ ਪ੍ਰੋਗਰਾਮਾਂ ਨੂੰ ਲੈ ਕੇ ਜਨਤਕ ਮੀਟਿੰਗਾਂ ਤੇ ਚਾਹ 'ਤੇ ਚਰਚਾ ਲਈ ਪਹੁੰਚੇ ਤਾਂ ਕਿਸਾਨ ਵੀ ਉਨ੍ਹਾਂ ਦੇ ਇੱਕ ਪ੍ਰੋਗਰਾਮ ਵਿੱਚ ਗੋਲ ਚੌਕ ਵਿਖੇ ਧਰਨਾ ਦੇਣ ਲਈ ਪੁੱਜ ਗਏ। ਕਿਸਾਨਾਂ ਨੇ ਗੋਲ ਚੌਕ ਵਿੱਚ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਤੰਵਰ ਵਾਪਸ ਜਾਓ ਦੇ ਨਾਅਰੇ ਲਾਏ। ਕਈ ਮਿੰਟਾਂ ਤੱਕ ਕਿਸਾਨਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਦੋਂਕਿ ਅਸ਼ੋਕ ਤੰਵਰ ਨੇ ਆਪਣਾ ਪ੍ਰੋਗਰਾਮ ਪੂਰਾ ਕੀਤਾ ਤੇ ਬਿਨਾਂ ਕੋਈ ਸਵਾਲ ਪੁੱਛੇ ਅਗਲੇ ਪ੍ਰੋਗਰਾਮ ਵੱਲ ਰਵਾਨਾ ਹੋ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹ ਅੱਜ ਇੱਥੇ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਆਏ ਸਨ ਪਰ ਪ੍ਰਸ਼ਾਸਨ ਦੀ ਤਰਫੋਂ ਪੁਲਿਸ ਫੋਰਸ ਦਾ ਡਰ ਦਿਖਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਅਸੀਂ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਨਹੀਂ ਵੜਨ ਦਿਆਂਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਤੋਂ ਕਿਸਾਨਾਂ ਦਾ ਦਿੱਲੀ ਦਾ ਰਸਤਾ ਰੋਕਣ ਸਮੇਤ ਸਾਰੇ ਸਵਾਲਾਂ ਦੇ ਜਵਾਬ ਮੰਗਣਗੇ।
ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੇ ਕਿਹਾ ਕਿ ਇਹ ਵਿਰੋਧੀ ਲੋਕ ਕਿਸਾਨਾਂ ਨੂੰ ਢਾਲ ਬਣਾ ਕੇ ਉਨ੍ਹਾਂ ਨੂੰ ਮੁੱਦਾ ਬਣਾ ਰਹੇ ਹਨ। ਅਸਲ 'ਚ ਕਿਸਾਨ ਖੇਤਾਂ 'ਚ ਜਾਂ ਮੰਡੀਆਂ 'ਚ ਹਨ। ਮੈਂ ਸਿਰਫ ਇਹੀ ਕਹਾਂਗਾ ਕਿ ਜੇਕਰ ਕੋਈ ਕਿਸਾਨ ਨੁਮਾਇੰਦਾ ਗੱਲ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਤਿਆਰ ਹੈ, ਪਰ ਇਹ ਚੋਣਾਂ ਦਾ ਮੌਸਮ ਹੈ। ਸਰਕਾਰ ਬਣਨ ਦਿਓ, ਆਉਣ ਵਾਲੇ ਸਮੇਂ ਵਿੱਚ ਗੱਲਬਾਤ ਹੋਵੇਗੀ।
ਇਹ ਵੀ ਪੜ੍ਹੋ: Lok sabha Election: ਕਿਸਾਨਾਂ ਨੇ ਘੇਰ ਲਿਆ ਭਾਜਪਾ ਉਮੀਦਵਾਰ, ਪੁਲਿਸ ਦੀਆਂ ਰੋਕਾਂ ਤੋੜ ਕੀਤੀ ਸਵਾਲਾਂ ਦੀ ਬੁਛਾੜ