Flood in Punjab: ਹੜ੍ਹਾਂ ਪਿੱਛੇ ਕੋਈ ਸਾਜਿਸ਼? ਡੈਮਾਂ ਦਾ ਪਾਣੀ ਕਿਉਂ ਰੋਕਿਆ ਗਿਆ? ਪੰਧੇਰ ਨੇ ਉਠਾਏ ਸਵਾਲ
ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਮਗਰੋਂ ਸਵਾਲ ਖੜ੍ਹੇ ਹੋਣ ਲੱਗੇ ਹਨ। ਕਿਸਾਨ ਜਥੇਬੰਦੀਆਂ ਸਵਾਲ ਉਠਾ ਰਹੀਆਂ ਹਨ ਕਿ ਡੈਮਾਂ ਤੋਂ ਇੱਕਦਮ ਪਾਣੀ ਕਿਉਂ ਛੱਡਿਆ ਗਿਆ। ਇਸ ਪਿੱਛੇ ਕੋਈ ਸਾਜਿਸ਼ ਹੈ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ

Flood in Punjab: ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਮਗਰੋਂ ਸਵਾਲ ਖੜ੍ਹੇ ਹੋਣ ਲੱਗੇ ਹਨ। ਕਿਸਾਨ ਜਥੇਬੰਦੀਆਂ ਸਵਾਲ ਉਠਾ ਰਹੀਆਂ ਹਨ ਕਿ ਡੈਮਾਂ ਤੋਂ ਇੱਕਦਮ ਪਾਣੀ ਕਿਉਂ ਛੱਡਿਆ ਗਿਆ। ਇਸ ਪਿੱਛੇ ਕੋਈ ਸਾਜਿਸ਼ ਹੈ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਜਦੋਂ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਮੀਂਹ ਆਮ ਨਾਲੋਂ ਵੱਧ ਪਵੇਗਾ ਤਾਂ ਡੈਮਾਂ ਦਾ ਪਾਣੀ ਕਿਉਂ ਰੋਕਿਆ ਗਿਆ?
ਪੰਧੇਰ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਡੈਮਾਂ ਵਿੱਚ ਪਾਣੀ ਜ਼ਬਰਦਸਤੀ ਕਿਉਂ ਰੋਕਿਆ ਗਿਆ? ਪੰਧੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਇੱਕ ਹੈਲੀਕਾਪਟਰ ਦੇਣਾ ਕਾਫ਼ੀ ਨਹੀਂ। ਕੇਂਦਰ ਨੂੰ ਇੱਕ ਪੱਤਰ ਲਿਖਿਆ ਜਾਣਾ ਚਾਹੀਦਾ ਹੈ ਤੇ ਮਦਦ ਲਈ ਇੱਥੇ 50 ਹੈਲੀਕਾਪਟਰ ਤਾਇਨਾਤ ਕਰਨ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਫਸਲਾਂ ਦੇ ਖਰਾਬੇ ਲਈ ਪ੍ਰਤੀ ਏਕੜ 70000 ਰੁਪਏ ਮੁਆਵਜ਼ਾ ਦਿੱਤਾ ਜਾਏ।
ਉਧਰ, ਹਿਮਾਚਲ ਤੇ ਜੰਮੂ ਵਿੱਚ ਮੀਂਹ ਕਾਰਨ ਤਲਵਾੜਾ ਪੋਂਗ ਡੈਮ ਦਾ ਪਾਣੀ ਦਾ ਪੱਧਰ 1390 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਕੇ 1396 ਫੁੱਟ ਹੋ ਗਿਆ ਹੈ। ਬੀਬੀਐਮਬੀ ਨੇ ਫੈਸਲਾ ਕੀਤਾ ਹੈ ਕਿ ਅੱਜ ਦੁਪਹਿਰ 2 ਵਜੇ ਬਿਆਸ ਨਦੀ ਵਿੱਚ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਲਈ ਹਿਮਾਚਲ ਤੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਵੀ 527 ਫੁੱਟ ਦੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਹਾਲਾਂਕਿ ਇਹ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ, ਪਰ ਇਸ ਦੇ 4 ਗੇਟ ਖੋਲ੍ਹ ਦਿੱਤੇ ਗਏ ਹਨ। ਬੁੱਧਵਾਰ ਨੂੰ ਰਾਵੀ ਨਦੀ 'ਤੇ ਬਣੇ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟ ਗਿਆ। ਇਸ ਦੇ ਨਾਲ ਹੀ ਪਠਾਨਕੋਟ-ਜੰਮੂ ਹਾਈਵੇਅ 'ਤੇ ਵੀ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ।
ਦੱਸ ਦੀਏ ਕਿ ਮੀਂਹ ਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਮਾਧੋਪੁਰ ਵਿੱਚ ਦੋ ਤੇ ਗੁਰਦਾਸਪੁਰ ਵਿੱਚ ਇੱਕ ਵਿਅਕਤੀ ਪਾਣੀ ਵਿੱਚ ਡੁੱਬਣ ਕਾਰਨ ਮਰ ਗਿਆ। ਪਠਾਨਕੋਟ ਵਿੱਚ ਗੁੱਜਰ ਪਰਿਵਾਰ ਦੇ 4 ਲੋਕ ਲਾਪਤਾ ਹਨ। ਸਭ ਤੋਂ ਮਾੜੀ ਸਥਿਤੀ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਹੈ। ਇੱਥੇ 150 ਤੋਂ ਵੱਧ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕਈ ਇਲਾਕਿਆਂ ਵਿੱਚ 5 ਤੋਂ 7 ਫੁੱਟ ਪਾਣੀ ਹੈ।
ਫਿਰੋਜ਼ਪੁਰ ਵਿੱਚ 2000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਤੇ ਰਾਹਤ ਕੈਂਪਾਂ ਵਿੱਚ ਲਿਜਾਇਆ ਗਿਆ। ਫੌਜ, ਐਨਡੀਆਰਐਫ, ਪੁਲਿਸ ਤੇ ਹੋਰ ਏਜੰਸੀਆਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਹੜ੍ਹ ਪ੍ਰਭਾਵਿਤ ਖੇਤਰ ਵਿੱਚ ਜ਼ਮੀਨੀ ਤੇ ਪਾਣੀ ਦੇ ਵਾਹਨ ਉਤਾਰੇ ਗਏ ਹਨ। ਅਜਨਾਲਾ, ਅੰਮ੍ਰਿਤਸਰ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਗਿਣਤੀ 15 ਤੋਂ ਵੱਧ ਹੋ ਗਈ ਹੈ। ਇੱਥੇ ਬਚਾਅ ਕਾਰਜ ਜਾਰੀ ਹੈ। ਰਾਵੀ ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਅੰਮ੍ਰਿਤਸਰ ਦੇ ਕੁਝ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।





















