Flood in Punjab: ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮੁੜ ਮਚਾਈ ਤਬਾਹੀ, ਅਗਲੇ ਦਿਨੀਂ ਖਤਰੇ ਦੀ ਘੰਟੀ
Flood in Punjab: ਪੰਜਾਬ ਵਿੱਚ ਦੂਜੀ ਵਾਰ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਭਾਖੜਾ ਤੇ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ਨੇ ਸੂਬੇ ’ਚ ਤਬਾਹੀ ਮਚਾ ਦਿੱਤੀ ਹੈ।
Flood in Punjab: ਪੰਜਾਬ ਵਿੱਚ ਦੂਜੀ ਵਾਰ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਭਾਖੜਾ ਤੇ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ਨੇ ਸੂਬੇ ’ਚ ਤਬਾਹੀ ਮਚਾ ਦਿੱਤੀ ਹੈ। ਪੰਜਾਬ ਦੇ ਦੇ 8 ਜ਼ਿਲ੍ਹਿਆਂ ਦੇ ਸਵਾ ਸੌ ਦੇ ਕਰੀਬ ਪਿੰਡ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ। ਉਂਝ ਇੱਕ ਵਾਰ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦਾ ਲੇਵਲ ਘਟਣ ਲੱਗਾ ਹੈ ਪਰ ਮੌਸਮ ਵਿਭਾਗ ਨੇ 23 ਅਗਸਤ ਤੱਕ ਬਾਰਸ਼ ਦਾ ਮੁੜ ਅਲਰਟ ਜਾਰੀ ਕੀਤਾ ਹੈ। ਇਸ ਲਈ ਹਾਲਾਤ ਮੁੜ ਵਿਗੜ ਸਕਦੇ ਹਨ।
ਹਾਸਲ ਜਾਣਕਾਰੀ ਅਨੁਸਾਰ ਹੁਣ ਤੱਕ ਪੰਜਾਬ ਦੇ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਰੋਪੜ, ਹੁਸ਼ਿਆਰਪੁਰ, ਨਵਾਂਸ਼ਹਿਰ ਤਰਨ ਤਾਰਨ, ਗੁਰਦਾਸਪੁਰ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਇਲਾਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਵੱਡੀ ਗਿਣਤੀ ’ਚ ਲੋਕ ਬੇਘਰ ਹੋ ਚੁੱਕੇ ਹਨ।
ਹਰੀਕੇ ਹੈੱਡ ਵਰਕਸ ’ਤੇ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਇਕੱਠਾ ਹੋਣ ਕਰਕੇ ਫਿਰੋਜ਼ਪੁਰ ਤੇ ਫਾਜ਼ਿਲਕਾ ’ਚ ਦਹਿਸ਼ਤ ਦਾ ਮਾਹੌਲ ਹੈ ਜਿੱਥੇ ਪ੍ਰਸ਼ਾਸਨ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਚਾਅ ਕਾਰਜ ਕੀਤੇ ਜਾ ਰਹੇ ਹਨ। ਸੂਬੇ ਵਿੱਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਐਨਡੀਆਰਐਫ ਦੀਆਂ ਟੀਮਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਸ਼ਨੀਵਾਰ ਨੂੰ ਹਰੀਕੇ ਪੱਤਣ ਨੇੜਲੇ ਪਿੰਡ ਬਸਤੀ ਲਾਲ ਸਿੰਘ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਸੀ। ਇਸ ਨਾਲ ਪੱਟੀ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ। ਇਸੇ ਤਰ੍ਹਾਂ ਤਰਨ ਤਾਰਨ ਨੇੜੇ ਵੀ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ। ਇਸ ਨਾਲ ਹਜ਼ਾਰਾਂ ਏਕੜ ਫਸਲ ਦਾ ਵੀ ਨੁਕਸਾਨ ਹੋਇਆ ਹੈ।
ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ! 23 ਅਗਸਤ ਤੱਕ ਯੈਲੋ ਅਲਰਟ
ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ ਵਧ ਸਕਦਾ ਹੈ ਕਿਉਂਕਿ ਅਗਲੇ ਦਿਨੀਂ ਹਿਮਾਚਲ ਪ੍ਰਦੇਸ਼ ਵਿੱਚ ਮੁੜ ਬਾਰਸ਼ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਲਈ ਯੈਲੋ ਅਲਰਟ ਜਾਰੀ ਕਰਦਿਆਂ ਸੂਬੇ ਵਿੱਚ 20 ਤੇ 21 ਅਗਸਤ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਤੇ 22 ਤੇ 23 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਨੇ ਸ਼ਿਮਲਾ, ਸਿਰਮੌਰ ਤੇ ਚੰਬਾ ਜ਼ਿਲ੍ਹਿਆਂ ’ਚ ਹੜ੍ਹ ਆਉਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਸੂਬੇ ਵਿੱਚ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਹਿਮਾਚਲ ਵਿੱਚ ਪਈ ਬਾਰਸ਼ ਨੇ ਪੰਜਾਬ ਵਿੱਚ ਵੀ ਕਹਿਰ ਮਚਾਇਆ ਹੈ। ਹਿਮਾਚਲ ਵਿੱਚ ਬਾਰਸ਼ ਕਰਕੇ ਘੱਗਰ, ਸੱਤਲੁਜ ਤੇ ਬਿਆਸ ਦਰਿਆਵਾਂ ਵਿੱਚ ਪਾਣੀ ਦੀ ਪੱਧਰ ਕਾਫੀ ਵਧਿਆ ਹੋਇਆ ਹੈ।