ਅਰਬ ਦੇਸ਼ਾਂ 'ਚ ਫਸੀਆਂ ਚਾਰ ਲੜਕੀਆਂ ਸੰਤ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਆਈਆਂ , ਲੜਕੀਆਂ ਨੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
Sultanpur Lodhi News : ਅਰਬ ਦੇਸ਼ਾਂ ਵਿੱਚ ਪੰਜਾਬ ਦੀਆਂ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦਾ ਸਿਲਸਿਲਾ ਰੁਕ ਨਹੀ ਰਿਹਾ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ਵਿੱਚ
Sultanpur Lodhi News : ਅਰਬ ਦੇਸ਼ਾਂ ਵਿੱਚ ਪੰਜਾਬ ਦੀਆਂ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦਾ ਸਿਲਸਿਲਾ ਰੁਕ ਨਹੀ ਰਿਹਾ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ਵਿੱਚ ਫਸੀਆਂ ਚਾਰ ਲੜਕੀਆਂ ਨੂੰ ਵਾਪਿਸ ਲਿਆਂਦਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇੱਕ ਲੜਕੀ ਮਸਕਟ ਵਿੱਚੋਂ ਤੇ ਤਿੰਨ ਲੜਕੀਆਂ ਨੂੰ ਇਰਾਕ ਵਿੱਚੋਂ ਵਾਪਿਸ ਲਿਆਂਦਾ ਗਿਆ ਹੈ। ਇਹਨਾਂ ਵਿੱਚ ਤਿੰਨ ਲੜਕੀਆਂ ਜਿਲ੍ਹਾਂ ਜਲੰਧਰ ਨਾਲ ਜਦਕਿ ਇੱਕ ਲੜਕੀ ਜਿਲ੍ਹਾ ਕਪੂਰਥਲਾ ਨਾਲ ਸੰਬੰਧਤ ਹੈ।
ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਟਰੈਵਲ ਏਜੰਟ ਤੇ ਖਾਸ ਕਰਕੇ ਪੀੜਤਾਂ ਦੇ ਰਿਸ਼ਤੇਦਾਰ ਹੀ ਉਹਨਾਂ ਨੂੰ ਫਸਾ ਰਹੇ ਹਨ। ਉਹਨਾਂ ਕਿਹਾ ਕਿ ਏਜੰਟਾਂ ਵੱਲੋਂ ਗਰੀਬ ਵਰਗ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਉਂਕਿ ਵਿਦੇਸ਼ਾਂ ਵਿੱਚ ਆਪਣੇ ਕੇਸਾਂ ਦੀ ਪੈਰਵਾਈ ਕਰਨ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਤੇ ਪਹੁੰਚ ਦੀ ਵੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਰਾਕ ਅਤੇ ਮਸਕਟ ਵਿੱਚ ਭਾਰਤੀ ਅੰਬੈਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੇ ਤੇਜ਼ੀ ਨਾਲ ਇਹਨਾਂ ਲੜਕੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਵਾਪਿਸ ਭੇਜਣ ਵਿੱਚ ਵੱਡੀ ਭੁੂਮਿਕਾ ਨਿਭਾਈ ਹੈ। ਜਿਸ ਸਦਕਾ ਇਰਾਕ ਵਿੱਚੋਂ ਕਰੀਬ 20 ਦਿਨਾਂ ਅੰੰਦਰ ਤੇ ਮਸਕਟ ਓਮਾਨ ਵਿੱਚੋਂ 5 ਦਿਨਾਂ ਅੰੰਦਰ ਲੜਕੀਆਂ ਵਾਪਿਸ ਆਈਆਂ ਹਨ।
ਤਿੰਨਾਂ ਲੜਕੀਆਂ ਨੇ ਦੱਸਿਆ ਕਿ ਉਹ ਮਈ, ਜੂਨ ਤੇ ਜੁਲਾਈ ਮਹੀਨੇ ਵਿੱਚ ਇਰਾਕ ਗਈਆਂ ਸੀ। ਵਾਪਿਸ ਆਈਆਂ ਇਹਨਾਂ ਲੜਕੀਆਂ ਨੇ ਰੌਗਟੇ ਖੜ੍ਹੇ ਕਰਨ ਵਾਲੇ ਆਪਣੇ ਦੁਖੜੇ ਦੱਸਦਿਆ ਕਿਹਾ ਕਿ ਇਰਾਕ ਪਹੁੰਚਦੇ ਸਾਰ ਹੀ ਉਹਨਾਂ ਦੇ ਸਭ ਤੋਂ ਪਹਿਲਾਂ ਪਾਸਪੋਰਟ ਖੋਹ ਲਏ ਗਏ ਸਨ। ਕਈ ਕਈ ਦਿਨ ਉਹਨਾਂ ਨੂੰ ਖਾਣਾ ਨਹੀ ਦਿੱਤਾ ਜਾਂਦਾ ਸੀ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਹਨਾਂ ਲੜਕੀਆਂ ਨੇ ਕਿਹਾ ਕਿ ਆਪਣੇ ਘਰਾਂ ਵਿੱਚੋਂ ਤਾਂ ਉਹ ਆਪਣੇ ਘਰਾਂ ਦੀ ਗਰੀਬੀ ਚੁੱਕਣ ਦੇ ਸੁਪਨੇ ਦੇਖ ਕੇ ਗਈਆਂ ਸੀ ਪਰ ਉੱਥੇ ਪਹੁੰਚਦਿਆਂ ਹੀ ਉਹਨਾਂ ਦੇ ਸੁਪਨੇ ਚਕਨਾ ਚੂਰ ਹੋ ਗਏ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਹਨਾਂ ਨੂੰ ਉਧਰ ਵੇਚ ਦਿੱਤਾ ਹੈ। ਲੜਕੀਆਂ ਨੇ ਦੱਸਿਆ ਕਿ ਜਿੱਥੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਉੱਥੇ ਹੀ ਉਹਨਾਂ ਨੂੰ ਗਲਤ ਧੰੰਦਿਆਂ ਵੱਲ ਤੋਰਨ ਲਈ ਵੀ ਮਜ਼ਬੂਰ ਕੀਤਾ ਜਾਂਦਾ ਸੀ।
ਮਸਕਟ ਤੋਂ ਵਾਪਿਸ ਆਈ ਲੜਕੀ ਨੇ ਆਪਣੇ ਦੁੱਖ ਦੱਸਦਿਆ ਕਿਹਾ ਕਿ ਉਸਨੂੰ ਵੀ ਉੱਥੋਂ ਦੇ ਟਰੈਵਲ ਏਜੰਟ ਵੱਲੋਂ ਉੱਥੇ ਫਸਾ ਦਿੱਤਾ ਗਿਆ ਸੀ। ਜਿੱਥੇ ਪਹੁੰਚਦਿਆਂ ਹੀ ਉਸਦੀ ਤਬੀਅਤ ਖਰਾਬ ਹੋ ਗਈ ਸੀ ਪਰ ਫਿਰ ਵੀ ਏਜੰਟ ਵੱਲੋਂ ਉਸ ਕੋਲੋਂ ਘਰਾਂ ਵਿੱਚ ਧੱਕੇ ਨਾਲ ਕੰਮ ਕਰਵਾਇਆ ਜਾ ਰਿਹਾ ਸੀ ਤੇ ਉਸਦਾ ਕੋਈ ਵੀ ਇਲਾਜ਼ ਨਹੀ ਸੀ ਕਰਵਾਇਆ ਜਾ ਰਿਹਾ। ਵਾਪਿਸ ਆਈਆਂ ਇਹਨਾਂ ਲੜਕੀਆਂ ਨੇ ਦੱਸਿਆਂ ਕਿ ਏਜੰਟਾਂ ਵੱਲੋਂ ਉਹਨਾਂ ਨੂੰ ਛੱਡਣ ਲਈ ਪਰਿਵਾਰਾਂ ਕੋਲੋਂ ਲੱਖਾਂ ਵਿੱਚ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਹਨਾਂ ਚਾਰਾਂ ਲੜਕੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਵਾਉਣ ਤਾਂ ਜੋ ਭਵਿੱਖ ਵਿੱਚ ਇਹ ਟਰੈਵਲ ਏਜੰਟ ਹੋਰ ਪੰਜਾਬ ਦੀਆਂ ਧੀਆਂ ਦਾ ਸ਼ੋਸ਼ਣ ਨਾ ਕਰ ਸਕਣ।