Flood in Punjab: ਪੰਜਾਬ 'ਚ ਮੁੜ ਹੜ੍ਹਾਂ ਦਾ ਕਹਿਰ, ਅੱਠ ਜ਼ਿਲ੍ਹਿਆਂ 'ਚ ਮਚਾਈ ਤਬਾਹੀ, ਭਾਖੜਾ ਡੈਮ ਦੇ 4 ਦਿਨਾਂ ਲਈ ਫਲੱਡ ਗੇਟ ਖੋਲ੍ਹੇ
Punjab Flood : ਅੰਮ੍ਰਿਤਸਰ 'ਚ ਬਿਆਸ ਦਰਿਆ 744 ਗੇਜ ਦੇ ਖਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ, ਜਦਕਿ ਬਿਆਸ ਦਰਿਆ 'ਚ ਪਾਣੀ ਦਾ ਵਹਾਅ 1.40 ਲੱਖ ਕਿਊਸਿਕ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
Flood in Punjab: ਪੰਜਾਬ ਅੰਦਰ ਮੁੜ ਹੜ੍ਹ ਕਹਿਰ ਮਚਾ ਰਹੇ ਹਨ। ਸੂਬੇ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਹਾਲਾਤ ਹੋਰ ਗੰਭੀਰ ਹੋ ਸਕਦੇ ਹਨ ਕਿਉਂਕਿ ਭਾਖੜਾ ਡੈਮ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਅਗਲੇ ਚਾਰ ਦਿਨਾਂ ਲਈ ਫਲੱਡ ਗੇਟ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਸਤਲੁਜ ਕੰਢੇ ਵਸੇ ਜ਼ਿਲ੍ਹਾ ਰੂਪਨਗਰ ਦੇ ਕਈ ਪਿੰਡਾਂ ਵਿੱਚ ਪਾਣੀ ਵੜ੍ਹ ਗਿਆ ਹੈ।
ਦੂਜੇ ਪਾਸੇ ਪੌਂਗ ਡੈਮ ਤੋਂ ਛੱਡੇ ਪਾਣੀ ਨੇ ਹੁਸ਼ਿਆਰਪੁਰ, ਗੁਰਦਾਸਪੁਰ ਤੇ ਕਪੂਰਥਲਾ ਤੋਂ ਬਾਅਦ ਅੰਮ੍ਰਿਤਸਰ, ਤਰਨ ਤਾਰਨ ਤੇ ਫਿਰੋਜ਼ਪੁਰ 'ਚ ਵੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਪੌਂਗ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਅੰਮ੍ਰਿਤਸਰ ਦੇ ਪਿੰਡ ਸ਼ੇਰੋਬਾਗਾ ਦੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ। ਇਸ ਮਗਰੋਂ ਸ਼ਾਮ ਨੂੰ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਅੰਮ੍ਰਿਤਸਰ 'ਚ ਬਿਆਸ ਦਰਿਆ 744 ਗੇਜ ਦੇ ਖਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ, ਜਦਕਿ ਬਿਆਸ ਦਰਿਆ 'ਚ ਪਾਣੀ ਦਾ ਵਹਾਅ 1.40 ਲੱਖ ਕਿਊਸਿਕ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਇਲਾਵਾ ਬਿਆਸ ਦਾ ਅਸਰ ਤਰਨ ਤਾਰਨ ਤੇ ਫਿਰੋਜ਼ਪੁਰ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਤਰਨ ਤਾਰਨ ਦੇ ਪਿੰਡ ਧੂੰਦਾ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਹੈ। ਇਸ ਕਾਰਨ 15 ਹਜ਼ਾਰ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਭਾਖੜਾ ਦਾ ਪਾਣੀ ਸਤਲੁਜ ਦਰਿਆ ਵਿੱਚ ਛੱਡਣ ਕਾਰਨ ਰੂਪਨਗਰ ਵਿੱਚ ਕਈ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟ ਗਿਆ। ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1676.45 ਫੁੱਟ 'ਤੇ ਪਹੁੰਚ ਗਿਆ ਜੋ ਪਿਛਲੇ ਦਿਨਾਂ ਨਾਲੋਂ 2 ਫੁੱਟ ਘੱਟ ਤੇ ਖ਼ਤਰੇ ਦੇ ਨਿਸ਼ਾਨ ਤੋਂ 4 ਫੁੱਟ ਘੱਟ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 54887 ਕਿਊਸਿਕ ਦਰਜ ਕੀਤੀ ਗਈ। ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਤੇ ਫਲੱਡ ਗੇਟਾਂ ਰਾਹੀਂ 79195 ਕਿਊਸਿਕ ਪਾਣੀ ਛੱਡਿਆ ਗਿਆ।
ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਤੇ ਸਤਲੁਜ ਦਰਿਆ ਵਿੱਚ 56900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ 79400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਬੀਬੀਐਮਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ 1.40 ਕਿਊਸਿਕ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ।