ਬਾਰਸ਼ ਦਾ ਕਹਿਰ! ਮਾਲਵਾ ਲਈ ਔਰੇਂਜ ਤੇ ਦੁਆਬਾ ਲਈ ਯੈਲੋ ਅਲਰਟ, ਸੀਐਮ ਦੇ ਹੁਕਮਾਂ 'ਤੇ ਸਮੂਹ ਵਿਭਾਗਾਂ ਦੀ ਹੰਗਾਮੀ ਮੀਟਿੰਗ
Flood in Punjab: ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਪੈ ਰਿਹਾ ਹੈ। ਇਸ ਨੂੰ ਵੇਖਦਿਆਂ ਪੂਰਬੀ ਮਾਲਵਾ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਦੁਆਬਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਅਗਲੇ ਕੁਝ
Flood in Punjab: ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਪੈ ਰਿਹਾ ਹੈ। ਇਸ ਨੂੰ ਵੇਖਦਿਆਂ ਪੂਰਬੀ ਮਾਲਵਾ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਦੁਆਬਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਅਗਲੇ ਕੁਝ ਘੰਟਿਆਂ 'ਚ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਹੁਕਮਾਂ 'ਤੇ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਭਾਰੀ ਮੀਂਹ ਕਾਰਨ ਬਚਾਅ ਕਾਰਜ ਤੇ ਹੋਰ ਤਿਆਰੀਆਂ ਨੂੰ ਲੈ ਕੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋ ਰਹੀ ਹੈ ਜਿਸ ਵਿੱਚ ਪੁਲਿਸ, ਪਾਵਰਕੌਮ, ਪ੍ਰਸ਼ਾਸਨ, ਖੇਤੀਬਾੜੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋ ਰਹੇ ਹਨ।
ਪੰਜਾਬ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਕਿਸੇ ਕਿਸਮ ਦੀ ਘਬਰਾਹਟ ਚ ਨਾ ਆਉਣ ..ਮੈਂ ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਪਾਣੀ ਦੀ ਪਲ ਪਲ ਦੀ ਜਾਣਕਾਰੀ ਲੈ ਰਿਹਾ ਹਾਂ..ਕੁਦਰਤੀ ਆਫ਼ਤ ਹੈ ਮਿਲਜੁਲ ਕੇ ਇਸਦਾ ਸਾਹਮਣਾ ਕਰਾਂਗੇ..ਸਰਕਾਰ ਲੋਕਾਂ ਦੇ ਨਾਲ ਹੈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ..
— Bhagwant Mann (@BhagwantMann) July 10, 2023
ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਕਿਹਾ ਹੈ ਕਿ ਸਰਕਾਰ ਲੋਕਾਂ ਦੇ ਨਾਲ ਹੈ ਤੇ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਟੀਟ ਕੀਤਾ ਹੈ ਕਿ ਪੰਜਾਬ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ...ਮੈਂ ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਪਾਣੀ ਦੀ ਪਲ ਪਲ ਦੀ ਜਾਣਕਾਰੀ ਲੈ ਰਿਹਾ ਹਾਂ...ਕੁਦਰਤੀ ਆਫ਼ਤ ਹੈ ਮਿਲਜੁਲ ਕੇ ਇਸ ਦਾ ਸਾਹਮਣਾ ਕਰਾਂਗੇ..ਸਰਕਾਰ ਲੋਕਾਂ ਦੇ ਨਾਲ ਹੈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ..।
ਇਨ੍ਹਾਂ ਇਲਾਕਿਆਂ 'ਚ ਪਵੇਗਾ ਮੀਂਹ
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ, ਧੂਰੀ, ਮਾਲੇਰਕੋਟਲਾ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਸਮਰਾਲਾ, ਰੂਪਨਗਰ, ਬਲਾਚੌਰ, ਲੁਧਿਆਣਾ ਪੱਛਮੀ, ਫਿਲੌਰ, ਫਗਵਾੜਾ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ ਵਿੱਚ ਬਾਰਸ਼ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਜਲੰਧਰ, ਧੂਰੀ, ਮਲੇਰਕੋਟਲਾ, ਸਮਾਣਾ, ਨਾਭਾ, ਲੁਧਿਆਣਾ ਪੂਰਬੀ, ਫਿਲੌਰ, ਫਗਵਾੜਾ, ਜਲੰਧਰ-1, ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ 'ਚ ਵੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮਾਝਾ ਤੇ ਪੱਛਮੀ ਮਾਲਵੇ ਵਿੱਚ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਤੇ ਮਾਲਵੇ ਦੇ ਸਰਹੱਦੀ ਇਲਾਕਿਆਂ ਵਿੱਚ ਅੱਜ ਸਵੇਰੇ ਧੁੱਪ ਨਿਕਲੀ।
ਪੰਜਾਬ ਪੁਲਿਸ ਅਕੈਡਮੀ 'ਚ ਪਾਣੀ ਭਰਿਆ
ਉਧਰ, ਫਿਲੌਰ 'ਚ ਪੰਜਾਬ ਪੁਲਿਸ ਅਕੈਡਮੀ (ਪੀਏਪੀ) 'ਚ ਵੀ ਪਾਣੀ ਦਾਖਲ ਹੋ ਗਿਆ ਹੈ। ਉੱਥੇ ਹੀ ਗੋਲਫ ਕਲੱਬ ਰੇਂਜ ਦੀ ਪਾਰਕਿੰਗ ਵਿੱਚ ਖੜ੍ਹੀਆਂ 250 ਦੇ ਕਰੀਬ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ। ਪੰਜਾਬ ਪੁਲਿਸ ਦੇ ਮੁਲਾਜ਼ਮ ਗੱਡੀਆਂ ਨੂੰ ਬਾਹਰ ਕੱਢ ਰਹੇ ਹਨ।
ਐਨਡੀਆਰਐਫ ਨੇ ਸੰਭਾਲਿਆ ਮੋਰਚਾ
ਇਸ ਤੋਂ ਇਲਾਵਾ ਐਨਡੀਆਰਐਫ ਦੀ ਮਦਦ ਨਾਲ ਕੀਰਤਪੁਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅੱਜ ਚੌਕਸੀ ਦੇ ਚੱਲਦਿਆਂ ਅੰਬਾਲਾ ਦੇ ਡੀਸੀ ਨੇ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇਅ 44 ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੰਬਾਲਾ ਵਿੱਚ ਘੱਗਰ ਨਦੀ ਨੇੜੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ
ਇਸ ਦੇ ਨਾਲ ਹੀ ਸੂਬੇ ਵਿੱਚ ਨਦੀਆਂ ਤੇ ਨਾਲਿਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਇਸ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਵਸੇ 15 ਤੋਂ 20 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਲੰਧਰ ਦੇ ਦੋ ਸ਼ਹਿਰਾਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜੰਡਿਆਲਾ ਗੁਰੂ 'ਚ ਬੰਡਾਲਾ ਦੇ ਆਸ-ਪਾਸ ਦੇ ਇਲਾਕੇ 'ਚ ਨਹਿਰ ਦੀ ਚਾਰਦੀਵਾਰੀ ਟੁੱਟਣ ਕਾਰਨ ਕਰੀਬ 200 ਏਕੜ ਫਸਲ ਪਾਣੀ 'ਚ ਡੁੱਬ ਗਈ ਹੈ।