ਸਿੱਧੂ ਮੂਸੇਵਾਲਾ ਨੂੰ ਗੋਲੀਆਂ ਨਾਲ ਕਿਉਂ ਭੁੰਨਿਆ? ਗੈਂਗਸਟਰ ਗੋਲਡੀ ਬਰਾੜ ਨੇ ਖੋਲ੍ਹੇ ਸਾਰੇ ਭੇਤ
Gangster Goldy Brar: ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਗੋਲਡੀ ਬਰਾੜ, ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਉਨ੍ਹਾਂ ਨੇ ਮਈ 2022 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ।

Goldy Brar On Sidhu Moose Wala Murder: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਗੋਲਡੀ ਬਰਾੜ ਅਤੇ ਉਸ ਦੇ ਗੈਂਗ 'ਤੇ ਇਸ ਕਤਲ ਨੂੰ ਅੰਜਾਮ ਦੇਣ ਦਾ ਦੋਸ਼ ਸੀ। ਸਿੱਧੂ ਮੂਸੇਵਾਲਾ ਮਾਨਸਾ ਵਿੱਚ ਆਪਣੇ ਜੱਦੀ ਪਿੰਡ ਦੇ ਨੇੜੇ ਆਪਣੀ ਕਾਰ ਵਿੱਚ ਜਾ ਰਿਹਾ ਸੀ ਅਤੇ ਉਸ ਦੀ ਕਾਰ 'ਤੇ 100 ਤੋਂ ਵੱਧ ਗੋਲੀਆਂ ਚਲਾਈਆਂ। ਇਸ ਮਾਮਲੇ ਵਿੱਚ 3 ਸਾਲ ਬੀਤਣ ਤੋਂ ਬਾਅਦ, ਗੋਲਡੀ ਬਰਾੜ ਨੇ ਇਹ ਭੇਤ ਖੋਲ੍ਹਿਆ ਕਿ ਉਸ ਨੇ ਮੂਸੇਵਾਲਾ ਨੂੰ ਕਿਉਂ ਮਾਰਿਆ?
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਕਤਲ ਦੇ ਮੁੱਖ ਦੋਸ਼ੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਇਹ ਕਤਲ ਕਿਵੇਂ ਕੀਤਾ ਅਤੇ ਮੂਸੇਵਾਲਾ ਨੂੰ ਕਿਉਂ ਮਾਰਿਆ ਗਿਆ। ਬਰਾੜ ਨੇ ਬੀਬੀਸੀ ਨੂੰ ਦੱਸਿਆ, 'ਆਪਣੇ ਹੰਕਾਰ ਵਿੱਚ, ਉਸ ਨੇ (ਮੂਸੇਵਾਲਾ) ਅਜਿਹੀਆਂ ਗਲਤੀਆਂ ਕੀਤੀਆਂ ਸਨ ਜਿਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ। ਸਾਡੇ ਕੋਲ ਉਸਨੂੰ ਮਾਰਨ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚਿਆ ਸੀ। ਉਸ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ। ਜਾਂ ਤਾਂ ਉਹ ਰਹਿੰਦਾ ਜਾਂ ਤਾਂ ਅਸੀਂ...
ਉਸ ਨੇ ਕਿਹਾ, "ਲਾਰੈਂਸ ਬਿਸ਼ਨੋਈ ਅਤੇ ਸਿੱਧੂ ਮੂਸੇਵਾਲਾ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਸਨੇ ਇੱਕ ਦੂਜੇ ਨਾਲ ਮਿਲਾਇਆ ਸੀ ਅਤੇ ਮੈਂ ਕਦੇ ਨਹੀਂ ਪੁੱਛਿਆ ਪਰ ਉਹ ਗੱਲਾਂ ਕਰਦੇ ਸਨ। ਲਾਰੈਂਸ ਦੀ ਚਾਪਲੂਸੀ ਕਰਨ ਲਈ, ਸਿੱਧੂ ਉਸ ਨੂੰ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੇ ਮੈਸੇਜ ਭੇਜਦਾ ਸੀ।" ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਮੂਸੇਵਾਲਾ ਨਾਲ ਤਣਾਅ ਪੰਜਾਬ ਵਿੱਚ ਇੱਕ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਸ਼ੁਰੂ ਹੋਇਆ ਸੀ।
ਗੋਲਡੀ ਨੇ ਕਿਹਾ, "ਉਹ ਇੱਕ ਪਿੰਡ ਦਾ ਰਹਿਣ ਵਾਲਾ ਹੈ ਜਿੱਥੋਂ ਸਾਡੇ ਵਿਰੋਧੀ ਆਉਂਦੇ ਹਨ। ਉਹ ਸਾਡੇ ਵਿਰੋਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਸੀ। ਉਦੋਂ ਲਾਰੈਂਸ ਅਤੇ ਕੁਝ ਹੋਰ ਲੋਕ ਉਸ ਨਾਲ ਗੁੱਸੇ ਹੋ ਗਏ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸਨੂੰ ਨਹੀਂ ਬਖਸ਼ਣਗੇ।" ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਬਿਸ਼ਨੋਈ ਦੇ ਸਹਿਯੋਗੀ ਅਤੇ ਵਿਚੋਲੇ ਵਿੱਕੀ ਮਿੱਡੂਖੇੜਾ ਦੇ ਦਖਲ ਨਾਲ ਤਣਾਅ ਘੱਟ ਗਿਆ ਸੀ, ਪਰ ਮਿੱਡੂਖੇੜਾ ਨੂੰ ਅਗਸਤ 2021 ਵਿੱਚ ਮੋਹਾਲੀ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਕੌਣ ਹੈ ਗੋਲਡੀ ਬਰਾੜ?
ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਗੋਲਡੀ ਬਰਾੜ, ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਕੈਨੇਡਾ ਤੋਂ ਸਰਗਰਮ ਬਰਾੜ ਨੂੰ ਸਖ਼ਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਅਧਿਕਾਰਤ ਤੌਰ 'ਤੇ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ। ਇੰਟਰਪੋਲ ਨੇ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਵੀ ਲੰਬਿਤ ਹੈ।






















