ਗੋਲਡੀ ਬਰਾੜ ਦੀ ਰਡਾਰ 'ਤੇ ਆਇਆ ਮੋਹਾਲੀ ਦੀ IT ਕੰਪਨੀ ਦਾ ਮਾਲਕ, ਮੰਗੇ 5 ਕਰੋੜ, ਦਿੱਤੀ ਜਾਨੋਂ ਮਾਰਨ ਦੀ ਧਮਕੀ
ਮੋਹਾਲੀ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਆਈਟੀ ਕੰਪਨੀ ਦੇ ਮਾਲਕ ਨੂੰ 5 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਹੈ। ਕਾਲ ਕਰਨ ਵਾਲੇ ਨੇ ਪਹਿਲਾਂ ਆਪਣੇ ਆਪ ਨੂੰ ਗੋਲਡੀ ਬਰਾੜ ਤੇ ਬਾਅਦ 'ਚ ਗੋਲਡੀ ਢਿੱਲੋਂ ਦੱਸਿਆ

ਮੋਹਾਲੀ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਆਈਟੀ ਕੰਪਨੀ ਦੇ ਮਾਲਕ ਨੂੰ 5 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਹੈ। ਕਾਲ ਕਰਨ ਵਾਲੇ ਨੇ ਪਹਿਲਾਂ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਤੇ ਬਾਅਦ ਵਿੱਚ ਗੋਲਡੀ ਢਿੱਲੋਂ ਦੱਸਿਆ। ਥਾਣਾ ਸੋਹਾਣਾ ਪੁਲਿਸ ਨੇ ਕੰਪਨੀ ਮਾਲਕ ਗੁਰਜੋਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਬੀਐਨਐਸ ਦੀ ਧਾਰਾ 308(3) ਹੇਠ ਦਰਜ ਕੀਤਾ ਗਿਆ ਹੈ।
ਲਗਾਤਾਰ ਕਰ ਰਿਹਾ ਸੀ ਫੋਨ
ਗੁਰਜੋਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਮੋਹਾਲੀ ਵਿੱਚ ਸਥਿਤ ਹੈ। 12 ਸਤੰਬਰ ਨੂੰ ਉਨ੍ਹਾਂ ਨੂੰ ਇੱਕ ਕਾਲ ਆਈ, ਜਿਸ ਵਿੱਚ ਕਾਲਰ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਿਆ ਅਤੇ ਕਿਹਾ ਕਿ ਜਲਦੀ 5 ਕਰੋੜ ਰੁਪਏ ਦਾ ਇੰਤਜ਼ਾਮ ਕਰੋ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਫੋਨ ਆਉਣ ਲੱਗੇ। 13 ਸਤੰਬਰ ਨੂੰ ਜਦੋਂ ਕਾਲ ਆਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। 14 ਸਤੰਬਰ ਨੂੰ ਫਿਰ ਕਾਲ ਆਈ, ਇਸ ਵਾਰ ਕਾਲਰ ਨੇ ਆਪਣੇ ਆਪ ਨੂੰ ਗੋਲਡੀ ਢਿੱਲੋਂ ਦੱਸਿਆ ਅਤੇ ਪੈਸਿਆਂ ਦੀ ਮੰਗ ਕੀਤੀ।
ਜੇ ਪੈਸੇ ਨਾ ਦਿੱਤਾ ਤਾਂ ਅੰਜ਼ਾਮ ਹੋਏਗਾ ਮਾੜਾ
ਗੁਰਜੋਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹਨੀ ਵੱਡੀ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਪੈਸੇ ਤਾਂ ਤੈਨੂੰ ਮਾਰ ਕੇ ਵੀ ਵਸੂਲ ਕਰ ਲਏ ਜਾਣਗੇ। ਇਸ ਕਾਰਨ ਉਨ੍ਹਾਂ ਦਾ ਪਰਿਵਾਰ ਦਹਿਸ਼ਤ ਵਿੱਚ ਆ ਗਿਆ। 18 ਸਤੰਬਰ ਨੂੰ ਉਨ੍ਹਾਂ ਨੂੰ ਜਾਨ ਤੋਂ ਮਾਰਣ ਦੀ ਧਮਕੀ ਵੀ ਦਿੱਤੀ ਗਈ। ਇਸ ਤੋਂ ਬਾਅਦ ਡਰ ਕਰਕੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਮਦਦ ਦੀ ਗੁਹਾਰ ਲਗਾਈ।
ਮੋਹਾਲੀ ਵਿੱਚ ਇਸ ਤਰ੍ਹਾਂ ਰੰਗਦਾਰੀ ਮੰਗਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਹਿਲਾਂ ਇੱਕ ਦਵਾਈ ਕੰਪਨੀ ਦੇ ਮਾਲਕ ਤੋਂ ਪੈਸੇ ਮੰਗੇ ਗਏ ਸਨ। ਇਸ ਤੋਂ ਬਾਅਦ ਸੋਹਾਣਾ ਵਿੱਚ ਇੱਕ ਪ੍ਰਾਪਰਟੀ ਡੀਲਰ ਨੂੰ ਧਮਕਾਇਆ ਗਿਆ ਸੀ। ਉਸੇ ਤਰ੍ਹਾਂ ਇੱਕ ਹੋਰ ਆਈਟੀ ਕੰਪਨੀ ਦੇ ਮਾਲਕ ਤੋਂ ਵੀ ਪੈਸੇ ਮੰਗੇ ਗਏ ਸਨ, ਪਰ ਉਸ ਮਾਮਲੇ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ।






















