ਕਿਸਾਨਾਂ ਲਈ ਖੁਸ਼ਖਬਰੀ! ਇਸ ਵਾਰ ਝੋਨਾ ਕਰੇਗਾ ਮਾਲੋਮਾਲ, ਝਾੜ ਤੋੜੇਗਾ ਸਾਰੇ ਰਿਕਾਰਡ
ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਚੰਗੀ ਬਾਰਸ਼ ਹੋਣ ਕਰਕੇ ਝੋਨੇ ਦੀ ਬੰਪਰ ਝਾੜ ਨਿਕਲੇਗਾ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਵੀ ਫਸਲ ਦੇ ਔਸਤ ਝਾੜ ਦੇ ਅਨੁਮਾਨ ਵਿੱਚ ਵਾਧਾ ਕਰ ਦਿੱਤਾ ਹੈ।
Punjab News: ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਚੰਗੀ ਬਾਰਸ਼ ਹੋਣ ਕਰਕੇ ਝੋਨੇ ਦੀ ਬੰਪਰ ਝਾੜ ਨਿਕਲੇਗਾ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਵੀ ਫਸਲ ਦੇ ਔਸਤ ਝਾੜ ਦੇ ਅਨੁਮਾਨ ਵਿੱਚ ਵਾਧਾ ਕਰ ਦਿੱਤਾ ਹੈ। ਖੇਤੀ ਵਿਭਾਗ ਨੇ ਪਹਿਲਾਂ ਕਰੀਬ 26 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਦਾ ਅਨੁਮਾਨ ਲਗਾਇਆ ਸੀ। ਹੁਣ ਖੇਤੀ ਵਿਭਾਗ ਵੱਲੋਂ ਸਮੁੱਚੇ ਸੂਬੇ ਦਾ ਵੱਧ ਤੋਂ ਵੱਧ ਅਨੁਮਾਨਿਤ ਝਾੜ 36.14 ਕੁਇੰਟਲ ਪ੍ਰਤੀ ਏਕੜ ਕੱਢਿਆ ਗਿਆ ਹੈ।
ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਦੇ ਖਰੀਦ ਕੇਂਦਰਾਂ ਵਿੱਚ ਫਸਲ ਦੀ ਜੋ ਆਮਦ ਹੋਈ ਹੈ, ਉਸ ਨਾਲ ਜਾਪਦਾ ਹੈ ਕਿ ਝੋਨੇ ਦਾ ਝਾੜ ਚੰਗਾ ਨਿਕਲੇਗਾ ਤੇ ਪੰਜਾਬ ਵਿੱਚ ਝੋਨੇ ਦੀ ਬੰਪਰ ਫਸਲ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਪੁਰਾਣੇ ਫੈਸਲੇ ਵਿੱਚ ਸੋਧ ਕਰਦਿਆਂ ਹੁਣ ਝੋਨੇ ਦੀ ਫਸਲ ਦੇ ਵੱਧ ਤੋਂ ਵੱਧ ਝਾੜ ਦਾ ਅਨੁਮਾਨ ਪੰਜਾਬ ਮੰਡੀ ਬੋਰਡ ਨੂੰ ਭੇਜ ਦਿੱਤਾ ਹੈ।
ਖੇਤੀ ਵਿਭਾਗ ਵੱਲੋਂ ਸਮੁੱਚੇ ਸੂਬੇ ਦਾ ਵੱਧ ਤੋਂ ਵੱਧ ਅਨੁਮਾਨਿਤ ਝਾੜ 36.14 ਕੁਇੰਟਲ ਪ੍ਰਤੀ ਏਕੜ ਕੱਢਿਆ ਗਿਆ ਹੈ। ਝੋਨੇ ਦੇ ਅਨੁਮਾਨਿਤ ਝਾੜ ਦੀ ਜ਼ਿਲ੍ਹਾਵਾਰ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਮੰਡੀ ਬੋਰਡ ਨੇ ਇਸ ਦਾ ਆਨਲਾਈਨ ਖਰੀਦ ਪੋਰਟਲ ਵਿੱਚ ਇੰਦਰਾਜ ਕਰ ਦਿੱਤਾ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਝੋਨੇ ਦੀ ਬੋਗਸ ਖਰੀਦ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਖੇਤੀ ਵਿਭਾਗ ਵੱਲੋਂ ਕਿਸਾਨਾਂ ਕੋਲੋਂ ਝੋਨੇ ਦੇ ਔਸਤ ਝਾੜ ਦੇ ਅਨੁਮਾਨ ਨਾਲੋਂ ਵੱਧ ਫਸਲ ਦੀ ਖਰੀਦ ਨਾ ਕੀਤੀ ਜਾਵੇ। ਖੇਤੀ ਵਿਭਾਗ ਨੇ ਇਸ ’ਤੇ ਗੌਰ ਕਰਦਿਆਂ ਪਹਿਲਾਂ ਕਰੀਬ 26 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਦਾ ਅਨੁਮਾਨ ਲਗਾਇਆ ਸੀ, ਜਿਸ ਕਰ ਕੇ ਕਿਸਾਨ ਭੜਕ ਉੱਠੇ ਸਨ।
ਬੀਕੇਯੂ (ਉਗਰਾਹਾਂ) ਦੇ ਆਗੂਆਂ ਨੇ ਪਹਿਲਾਂ ਇਤਰਾਜ਼ ਕੀਤਾ ਸੀ ਕਿ ਗਿਰਦਾਵਰੀ ਦੇ ਆਧਾਰ ’ਤੇ ਅਨੁਮਾਨਿਤ ਝਾੜ ਤੈਅ ਕੀਤਾ ਜਾਣਾ ਕਿਸਾਨ ਵਿਰੋਧੀ ਫੈਸਲਾ ਹੈ। ਉਨ੍ਹਾਂ ਦੀ ਦਲੀਲ ਸੀ ਕਿ ਫਸਲਾਂ ਦਾ ਝਾੜ ਅਗੇਤੀ-ਪਿਛੇਤੀ ਕਿਸਮ ਹੋਣ ਕਰ ਕੇ ਸਭ ਖੇਤਾਂ ਦਾ ਇੱਕੋ ਜਿਹਾ ਨਹੀਂ ਹੁੰਦਾ ਹੈ। ਸਰਕਾਰ ਵੱਲੋਂ ਅਨੁਮਾਨਿਤ 26 ਕੁਇੰਟਲ ਪ੍ਰਤੀ ਏਕੜ ਝਾੜ ਮਿੱਥੇ ਜਾਣ ਕਰ ਕੇ ਉਨ੍ਹਾਂ ਕਿਸਾਨਾਂ ਦੀ ਫਸਲ ਰੁਲੇਗੀ, ਜਿਨ੍ਹਾਂ ਦਾ ਝਾੜ ਵੱਧ ਨਿਕਲੇਗਾ।
ਯਾਦ ਰਹੇ ਪਿਛਲੇ ਵਰ੍ਹਿਆਂ ਵਿੱਚ ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਪੈਦਾਵਾਰ ਨਾਲੋਂ ਜ਼ਿਆਦਾ ਝੋਨਾ ਮੰਡੀਆਂ ਵਿੱਚ ਵਿਕਿਆ ਸੀ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਮਿਲੀਭੁਗਤ ਨਾਲ ਦੂਸਰੇ ਸੂਬਿਆਂ ’ਚੋਂ ਸਸਤਾ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਿਆ ਗਿਆ। ਸਰਕਾਰ ਨੇ ਬੋਗਸ ਖਰੀਦ ਰੋਕਣ ਵਾਸਤੇ ਹੀ ਪ੍ਰਤੀ ਏਕੜ ਅਨੁਮਾਨਿਤ ਝਾੜ ਮਿੱਥਿਆ ਹੈ।