Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
ਪੰਜਾਬ ਦੇ ਕਿਸਾਨ ਤੇ ਹਰਿਆਣਾ ਸਰਕਾਰ ਮੁੜ ਆਹਮੋ-ਸਾਹਮਣੇ ਹਨ। ਕਿਸਾਨ ਹੁਣ ਟਰੈਕਟਰ-ਟਰਾਲੀਆਂ ਛੱਡ ਪੈਦਲ ਹੀ ਦਿੱਲੀ ਕੂਚ ਕਰਨ ਲਈ ਤਿਆਰ ਹਨ ਪਰ ਹਰਿਆਣਾ ਸਰਕਾਰ ਦਿੱਲੀ ਵਿੱਚ ਧਰਨੇ ਦੀ ਪ੍ਰਵਾਨਗੀ ਦੀ ਕਾਪੀ ਮੰਗ ਰਹੀ ਹੈ।
Farmers Protest: ਪੰਜਾਬ ਦੇ ਕਿਸਾਨ ਤੇ ਹਰਿਆਣਾ ਸਰਕਾਰ ਮੁੜ ਆਹਮੋ-ਸਾਹਮਣੇ ਹਨ। ਕਿਸਾਨ ਹੁਣ ਟਰੈਕਟਰ-ਟਰਾਲੀਆਂ ਛੱਡ ਪੈਦਲ ਹੀ ਦਿੱਲੀ ਕੂਚ ਕਰਨ ਲਈ ਤਿਆਰ ਹਨ ਪਰ ਹਰਿਆਣਾ ਸਰਕਾਰ ਦਿੱਲੀ ਵਿੱਚ ਧਰਨੇ ਦੀ ਪ੍ਰਵਾਨਗੀ ਦੀ ਕਾਪੀ ਮੰਗ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਸ਼ੰਭੂ ਤੇ ਖਨੌਰੀ ਸਰਹੱਧ ਨੇੜੇ ਸੁਰੱਖਿਆ ਬਲ ਵੀ ਵਧਾ ਦਿੱਤੇ ਹਨ। ਇਸ ਲਈ ਮੁੜ ਟਕਰਾਅ ਵਾਲੇ ਹਾਲਾਤ ਬਣਨ ਦਾ ਖਦਸ਼ਾ ਹੈ।
ਦਰਅਸਲ ਕਿਸਾਨਾਂ ਨੇ 6 ਦਸੰਬਰ ਨੂੰ ਪੈਦਲ ਹੀ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਇਸ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰੀ ਬੈਠੇ ਹਨ। ਕਿਸਾਨ ਦਿੱਲੀ ਪਹੁੰਚ ਕੇ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਜਿਸ ਸਬੰਧੀ ਈਮੇਲ ਭੇਜ ਕੇ ਦਿੱਲੀ ਸਰਕਾਰ ਤੋਂ ਪ੍ਰਵਾਨਗੀ ਵੀ ਮੰਗੀ ਗਈ ਹੈ ਪਰ ਅਜੇ ਤੱਕ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਹਰਿਆਣਾ ਸਰਕਾਰ ਕਿਸਾਨਾਂ ਤੋਂ ਦਿੱਲੀ ਵਿੱਚ ਧਰਨੇ ਦੀ ਪ੍ਰਮੀਸ਼ਨ ਦੀ ਕਾਪੀ ਵਿਖਾਉਣ ਲਈ ਕਹਿ ਰਹੀ ਹੈ।
ਇਸ ਤੋਂ ਸਪਸ਼ਟ ਹੈ ਕਿ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੋਂ ਰੋਕਾਂ ਨੂੰ ਹਟਾਉਣ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ। ਬਲਕਿ ਹਰਿਆਣਾ ਪੁਲਿਸ ਵੀ ਹਰਕਤ ’ਚ ਆ ਗਈ ਹੈ, ਜਿਸ ਨੇ ਬਾਰਡਰ ’ਤੇ ਨਫਰੀ ਵੀ ਵਧਾ ਦਿੱਤੀ ਹੈ। ਇੱਥੇ ਰੋਕਾਂ ਦੇ ਉਪਰੋਂ ਦੀ ਲੰਘਣ ਦੀ ਕੋਸ਼ਿਸ਼ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਸਕਦਾ ਹੈ। ਹਰਿਆਣਾ ਸਰਕਾਰ ਨੇ ਸਰਵਣ ਪੰਧੇਰ ਤੇ ਜਸਵਿੰਦਰ ਲੌਂਗੋਵਾਲ ਦੇ ਨਾਮ ਲਿਖ ਕੇ ਇੱਕ ਪੋਸਟਰ ਵੀ ਸ਼ੰਭੂ ਬਾਰਡਰ ’ਤੇ ਪੰਜਾਬ ਵਾਲੇ ਪਾਸੇ ਚਿਪਕਾ ਦਿੱਤਾ, ਜਿਸ ਵਿਚ ਦਿੱਲੀ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕੂਚ ਨਾ ਕਰਨ ਲਈ ਚਿਤਾਵਨੀ ਦਿੱਤੀ ਗਈ ਹੈ। ਇਸ ’ਚ ਹਰਿਆਣਾ ’ਚ ਧਾਰਾ 144 ਲੱਗੀ ਹੋਣ ਦਾ ਜ਼ਿਕਰ ਵੀ ਕੀਤਾ ਹੈ।
ਦੱਸ ਦਈਏ ਕਿ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ‘ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ)’ ਤੇ ‘ਕਿਸਾਨ ਮਜ਼ਦੂਰ ਮੋਰਚਾ’ ਦੀ ਅਗਵਾਈ ਹੇਠਾਂ ਕਿਸਾਨਾਂ ਨੇ 13 ਫਰਵਰੀ 2024 ਨੂੰ ਦਿੱਲੀ ਵੱਲ ਕੂਚ ਕੀਤਾ ਸੀ ਪਰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਸਮੇਤ ਹੋਰਨਾਂ ਥਾਈਂ ਅਗਾਊਂ ਬੈਰੀਕੇਡਿੰਗ ਕਰਨ ਕਰਕੇ ਉਹ ਸਾਢੇ ਨੌਂ ਮਹੀਨਿਆਂ ਤੋਂ ਬਾਰਡਰਾਂ ’ਤੇ ਹੀ ਡਟੇ ਹੋਏ ਹਨ। ਸਰਕਾਰ ਦਾ ਤਰਕ ਸੀ ਕਿ ਕਿਸਾਨ ਬਗੈਰ ਟਰੈਕਟਰਾਂ ਦੇ ਦਿੱਲੀ ਜਾ ਸਕਦੇ ਹਨ ਪਰ ਜਦੋਂ ਹੁਣ ਕਿਸਾਨਾਂ ਨੇ ਪੈਦਲ ਹੀ ਦਿੱਲੀ ਜਾਂ ਦੀ ਹਾਮੀ ਭਰੀ ਤਾਂ ਹਰਿਆਣਾ ਸਰਕਾਰ ਪਲਟੀ ਮਾਰਦੀ ਦਿਖਾਈ ਦੇ ਰਹੀ ਹੈ।
ਬੇਸ਼ੱਕ ਹਰਿਆਣਾ ਪੁਲਿਸ ਐਕਸ਼ਨ ਮੋਡ ਵਿੱਚ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਕੂਚ ਜ਼ਰੂਰ ਕਰਨਗੇ ਤੇ ਕਿਸੇ ਵੀ ਤਰ੍ਹਾਂ ਦੇ ‘ਜਬਰ ਤੇ ਜ਼ੁਲਮ’ ਦਾ ਟਾਕਰਾ ਸਬਰ ਤੇ ਸੰਤੋਖ ਨਾਲ ਕਰਨਗੇ। ਕਿਸਾਨ ਆਗੂ ਸਰਵਣ ਪੰਧੇਰ ਨੇ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ। ਆਗੂਆਂ ਨੇ ਆਖਿਆ ਕਿ ਉਨ੍ਹਾਂ ਦਾ ਦਿੱਲੀ ਸਣੇ ਕਿਤੇ ਵੀ ਟ੍ਰੈਫਿਕ ’ਚ ਵਿਘਨ ਪਾਉਣ ਦਾ ਕੋਈ ਇਰਾਦਾ ਨਹੀਂ, ਬਲਕਿ ਉਹ ਸਿਰਫ਼ ਦਿੱਲੀ ਜਾ ਕੇ ਕਿਸਾਨੀ ਮੰਗਾਂ ਵੱਲ ਕੇਂਦਰ ਧਿਆਨ ਦਿਵਾਉਣਾ ਚਾਹੁੰਦੇ ਹਨ।
ਇਸ ਦੌਰਾਨ ਕਿਸਾਨੀ ਮੰਗਾਂ ਲਈ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਸਾਨਾਂ ਦੇ ਮਸਲਿਆਂ ’ਤੇ ਮੁੜ ਗੰਭੀਰ ਬਿਆਨ ਦੇ ਕੇ ਸਿਆਸੀ ਪਾਰਟੀਆਂ ਤੇ ਖੇਤੀ ਸੰਸਥਾਵਾਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਡੱਲੇਵਾਲ ਨੇ ਕਿਹਾ ਹੈ ਕਿ ਦੋਵੇਂ ਕਿਸਾਨ ਜਥੇਬੰਦੀਆਂ ਉਪ ਰਾਸ਼ਟਰਪਤੀ ਦੇ ਬਿਆਨ ਦਾ ਸਵਾਗਤ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਮੋਹਰ ਲਾਉਂਦਿਆਂ ਕਿਹਾ ਹੈ ਕਿ ਅਰਥ ਸ਼ਾਸਤਰੀਆਂ ਨਾਲ ਹੋਈ ਗੱਲਬਾਤ ਦੇ ਆਧਾਰ ’ਤੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਨਾਲ ਦੇਸ਼ ਦੀ ਆਰਥਿਕਤਾ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਫਾਇਦਾ ਹੋਵੇਗਾ।
ਇਸ ਦੌਰਾਨ ਡੱਲੇਵਾਲ ਦੇ ਮਰਨ ਵਰਤ ਦੇ 10ਵੇਂ ਦਿਨ ਅੱਜ ਕਿਸਾਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਉਪਰੰਤ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਨਬਜ਼ ਤੇ ਸ਼ੂਗਰ ਆਦਿ ਠੀਕ ਹੈ ਪਰ ਉਨ੍ਹਾਂ ਦੀ ਸਿਹਤ ਲਗਾਤਾਰ ਕਮਜ਼ੋਰ ਹੋ ਰਹੀ ਹੈ।