Punjab News: ਪੰਜਾਬ ਪੁਲਿਸ ਨੂੰ ਲੈ ਕੇ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ...1600 ਨਵੇਂ ਅਹੁਦੇ ਮਨਜ਼ੂਰ, ਪੁਲਿਸ ਮਹਿਕਮਾ ਹੋਏਗਾ ਹੋਰ ਮਜ਼ਬੂਤ
ਐਨ.ਡੀ.ਪੀ.ਐਸ. ਮਾਮਲਿਆਂ ਅਤੇ ਅਪਰਾਧਾਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਵਿੱਚ 1600 ਨਵੇਂ ਅਹੁਦੇ ਮਨਜ਼ੂਰ ਕਰ ਲਏ ਗਏ ਹਨ। ਜਿਸ ਨਾਲ ਪੁਲਿਸ ਫੋਰਸ ਹੋਰ ਮਜ਼ਬੂਤ ਹੋਏਗੀ। ਖਾਲੀ ਹੋਣ ਵਾਲੇ 1600 ਕਾਂਸਟੇਬਲ ਅਹੁਦਿਆਂ 'ਤੇ ਵੀ ਭਰਤੀ ਕੀਤੀ ਜਾਵੇਗੀ

ਪੁਲਿਸ ਜਾਂਚ ਵਿੱਚ ਕਾਰਗੁਜ਼ਾਰੀ ਅਤੇ ਨਵੀਆਂ ਚੁਣੌਤੀਆਂ, ਖਾਸ ਕਰਕੇ ਐਨ.ਡੀ.ਪੀ.ਐਸ. ਮਾਮਲਿਆਂ ਅਤੇ ਹੋਰ ਸੰਗਠਿਤ ਅਪਰਾਧਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਥਾਣਿਆਂ ਨੂੰ ਮਜ਼ਬੂਤ ਕਰਨ ਵਾਸਤੇ ਮੰਤਰੀ ਮੰਡਲ ਨੇ ਪੰਜਾਬ ਪੁਲਿਸ ਦੇ ਜ਼ਿਲ੍ਹਾ ਕੈਡਰ ਵਿੱਚ 1600 ਨਵੇਂ ਗੈਰ-ਗਜ਼ਟਿਡ ਅਧਿਕਾਰੀ (ਐਨ.ਜੀ.ਓ.) ਦੇ ਅਹੁਦਿਆਂ (ਏ.ਐਸ.ਆਈ., ਐਸ.ਆਈ. ਅਤੇ ਇੰਸਪੈਕਟਰ) ਦੇ ਸਿਰਜਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਫੈਸਲੇ ਅਨੁਸਾਰ, ਪੰਜਾਬ ਪੁਲਿਸ ਦੇ ਜ਼ਿਲ੍ਹਾ ਕੈਡਰ ਵਿੱਚ 1600 ਨਵੇਂ ਐਨ.ਜੀ.ਓ. ਅਹੁਦੇ (150 ਇੰਸਪੈਕਟਰ, 450 ਸਬ-ਇੰਸਪੈਕਟਰ ਅਤੇ 1000 ਏ.ਐਸ.ਆਈ.) ਸਿਰਜੇ ਜਾਣਗੇ ਅਤੇ ਇਹ ਅਹੁਦੇ ਤਰੱਕੀ ਰਾਹੀਂ ਭਰੇ ਜਾਣਗੇ। ਇਸ ਦੇ ਨਤੀਜੇ ਵਜੋਂ ਖਾਲੀ ਹੋਣ ਵਾਲੇ 1600 ਕਾਂਸਟੇਬਲ ਅਹੁਦਿਆਂ 'ਤੇ ਵੀ ਭਰਤੀ ਕੀਤੀ ਜਾਵੇਗੀ। ਇਹ ਫੈਸਲਾ ਪੁਲਿਸ ਵਿਭਾਗ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ, ਤਾਂ ਜੋ ਜ਼ਮੀਨੀ ਪੱਧਰ 'ਤੇ ਉਚਿਤ ਤਾਇਨਾਤੀ ਦੇ ਨਾਲ-ਨਾਲ ਐਨ.ਡੀ.ਪੀ.ਐਸ. ਐਕਟ ਦੇ ਮਾਮਲਿਆਂ, ਘਿਨੌਣੇ ਅਪਰਾਧਾਂ, ਸਾਇਬਰ ਅਪਰਾਧਾਂ ਅਤੇ ਹੋਰ ਆਰਥਿਕ ਅਪਰਾਧਾਂ ਦੀ ਜਾਂਚ ਵਿੱਚ ਕਾਰਗੁਜ਼ਾਰੀ ਅਤੇ ਨਿਗਰਾਨੀ ਯਕੀਨੀ ਬਣਾਈ ਜਾ ਸਕੇ।
ਐਸ.ਐਮ.ਈ.ਟੀ. ਦੇ ਗਠਨ ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ ਰਾਜ ਵਿੱਚ ਖਨਿਜ ਸੰਸਾਧਨਾਂ ਦੇ ਯੋਜਨਾਬੱਧ ਵਿਕਾਸ ਅਤੇ ਉਨ੍ਹਾਂ ਦੀ ਖੋਜ ਦੇ ਕੰਮ ਦੀ ਨਿਗਰਾਨੀ ਲਈ ਪੰਜਾਬ ਸਟੇਟ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐਸ.ਐਮ.ਈ.ਟੀ.) ਦੇ ਗਠਨ ਨੂੰ ਵੀ ਸਹਿਮਤੀ ਦੇ ਦਿੱਤੀ ਹੈ। ਇਹ ਟਰੱਸਟ ਵਿਜ਼ਨ, ਮਿਸ਼ਨ ਪਲਾਨ, ਖੋਜ ਲਈ ਮਾਸਟਰ ਪਲਾਨ ਤਿਆਰ ਕਰੇਗਾ, ਜੰਗਲ ਖੇਤਰ ਦੀ ਖੋਜ ਲਈ ਫੰਡ ਇਕੱਠੇ ਕਰੇਗਾ, ਸਰਵੇਖਣ ਸੁਵਿਧਾ ਅਤੇ ਸਮਰੱਥਾ ਵਧਾਉਣ ਵਾਲੇ ਪ੍ਰੋਗਰਾਮ ਆਯੋਜਿਤ ਕਰੇਗਾ, ਖੋਜ ਅਤੇ ਵਿਕਾਸ ਗਤੀਵਿਧੀਆਂ ਦੀ ਯੋਜਨਾ ਬਣਾਵੇਗਾ, ਵਿਭਾਗੀ ਪ੍ਰਯੋਗਸ਼ਾਲਾ ਨੂੰ ਮਜ਼ਬੂਤ ਅਤੇ ਅੱਪਗ੍ਰੇਡ ਕਰੇਗਾ, ਅਧਿਕਾਰੀਆਂ ਅਤੇ ਤਕਨੀਕੀ ਵਿਅਕਤੀਆਂ ਦੀ ਨਿਯੁਕਤੀ ਕਰੇਗਾ, ਸਟੇਟ ਮਿਨਰਲ ਡਾਇਰੈਕਟਰੀ ਤਿਆਰ ਕਰੇਗਾ, ਨਵਾਚਾਰ ਨੂੰ ਪ੍ਰੋਤਸਾਹਿਤ ਕਰੇਗਾ, ਖੋਜ ਪ੍ਰੋਜੈਕਟਾਂ ਲਈ ਲਾਜਿਸਟਿਕ ਸਹਿਯੋਗ ਪ੍ਰਦਾਨ ਕਰੇਗਾ ਅਤੇ ਤਕਨਾਲੋਜੀ ਅਤੇ ਹੋਰ ਉਦੇਸ਼ਾਂ ਦੀ ਵਰਤੋਂ ਰਾਹੀਂ ਖਾਨ ਅਤੇ ਸੰਬੰਧਿਤ ਗਤੀਵਿਧੀਆਂ ਦੀ ਨਿਗਰਾਨੀ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















