Punjab News: ਹੁਸ਼ਿਆਰਪੁਰ ਦੇ ਦੋ ਨਾਮੀ ਵਕੀਲਾਂ ਦੇ ਕਤਲ ’ਚ ਤੀਜਾ ਮੁਲਜ਼ਮ ਆਇਆ ਕਾਬੂ, ਰਿਮਾਂਡ ਮਿਲਣ ਮਗਰੋਂ ਪੁੱਛਗਿੱਛ ਸ਼ੁਰੂ
Punjab Crime News:2020 ਵਿਚ ਦੀਵਾਲੀ ਦੀ ਰਾਤ ਨੂੰ ਵਕੀਲ ਅਤੇ ਭਾਜਪਾ ਆਗੂ ਭਗਵੰਤ ਕਿਸ਼ੋਰ ਗੁਪਤਾ ਤੇ ਉਸ ਦੀ ਸਹਾਇਕ ਸੀਆ ਖੁੱਲਰ ਦੀਆਂ ਲਾਸ਼ਾਂ ਸ਼ਹਿਰ ਦੇ ਬਾਹਰਵਾਰ ਇਕ ਕਾਰ ਵਿਚ ਸੜੀ ਹੋਈ ਹਾਲਤ ਵਿਚ ਬਰਾਮਦ ਹੋਈਆਂ ਸਨ।
Punjab Crime News: ਹੁਸ਼ਿਆਰਪੁਰ ਦੇ 2 ਨਾਮੀ ਵਕੀਲਾਂ ਦਾ ਸਾਲ 2020 ਵਿੱਚ ਕਤਲ ਹੋਇਆ ਸੀ। ਹੁਣ ਇਸ ਦੋਹਰੇ ਕਤਲ ਕਾਂਡ ਵਿਚ ਫ਼ਰਾਰ ਤੀਜੇ ਮੁਲਜ਼ਮ ਨੂੰ ਜ਼ਿਲ੍ਹਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰ ਦਿੱਤਾ। ਅਦਾਲਤ ਵੱਲੋਂ ਉਸ ਦਾ ਰਿਮਾਂਡ ਮਿਲਣ ਮਗਰੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ।
ਮਾਮਲਾ ਸਾਲ 2020 ਦਾ ਹੈ, ਲਾਸ਼ਾਂ ਨੂੰ ਖੁਰਦ ਬੁਰਦ ਕਰਨ ਦੀ ਕੀਤੀ ਗਈ ਸੀ ਕੋਸ਼ਿਸ਼
ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 2020 ਵਿਚ ਦੀਵਾਲੀ ਦੀ ਰਾਤ ਨੂੰ ਵਕੀਲ ਅਤੇ ਭਾਜਪਾ ਆਗੂ ਭਗਵੰਤ ਕਿਸ਼ੋਰ ਗੁਪਤਾ ਤੇ ਉਸ ਦੀ ਸਹਾਇਕ ਸੀਆ ਖੁੱਲਰ ਦੀਆਂ ਲਾਸ਼ਾਂ ਸ਼ਹਿਰ ਦੇ ਬਾਹਰਵਾਰ ਇਕ ਕਾਰ ਵਿਚ ਸੜੀ ਹੋਈ ਹਾਲਤ ਵਿਚ ਬਰਾਮਦ ਹੋਈਆਂ ਸਨ। ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਇਨ੍ਹਾਂ ਦਾ ਕਤਲ ਕਰ ਕੇ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਕਾਰ ਨੂੰ ਅੱਗ ਲਾਈ ਹੋ ਸਕਦੀ ਹੈ।
ਇਸ ’ਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਐੱਸਪੀ ਸਰਬਜੀਤ ਸਿੰਘ, ਡੀਐੱਸਪੀ ਪਲਵਿੰਦਰ ਸਿੰਘ, ਪੁਲਿਸ ਥਾਣਾ ਮੁਖੀ ਕਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਦਾ ਗਠਨ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਵਾਈ ਸੀ ਕਿਉਂਕਿ ਐਡਵੋਕੇਟ ਗੁਪਤਾ ਦੇ ਪੁੱਤਰ ਸਮਨਿੰਦਰ ਗੁਪਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਿਤਾ ਤੇ ਉਨ੍ਹਾਂ ਦੀ ਸਹਾਇਕ ਸੀਆ ਖੁੱਲਰ ਦਾ ਕਤਲ ਕਰ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਾਰ ਵਿਚ ਰੱਖ ਕੇ ਪੁਰਹੀਰਾਂ ਨਜ਼ਦੀਕ ਦਰਖ਼ਤ ਨਾਲ ਟੱਕਰ ਮਾਰ ਕੇ ਕਾਰ ਨੂੰ ਅੱਗ ਲਗਾ ਦਿੱਤੀ ਸੀ।
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸੀਆ ਉਰਫ ਗੀਤੂ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੇ ਆਪਣੇ ਸਾਥੀਆਂ ਸਨੀਲ ਕੁਮਾਰ, ਕਪਿਲ ਕੁਮਾਰ ਅਤੇ ਹੋਰ ਸਾਥੀਆਂ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਪਿੰਡ ਮੰਗਲੋਰ ਤੋਂ ਹਮਮਸ਼ਵਰਾ ਹੋ ਕੇ ਦੀਵਾਲੀ ਦੀ ਰਾਤ ਹੁਸ਼ਿਆਰਪੁਰ ਬੁਲਾ ਲਿਆ ਸੀ, ਇਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੜਤਾਲ ਤੋਂ ਬਾਅਦ ਪੁਲਿਸ ਨੇ 10 ਜੁਲਾਈ ਨੂੰ ਮੁੱਖ ਮੁਲਜ਼ਮ ਅਤੇ ਸੀਆ ਦੇ ਪਤੀ ਅਸ਼ੀਸ਼ ਕੁਸ਼ਵਾਹਾ ਤੇ ਉਸ ਦੇ ਸਾਥੀ ਕਪਲ ਕੁਮਾਰ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਕੇ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ ਸੀ। ਪੁਲਿਸ ਦੇ ਦਬਾਅ ਤੋਂ ਬਾਅਦ ਤੀਸਰੇ ਮੁਲਜ਼ਮ ਸੁਨੀਲ ਕੁਮਾਰ ਵਾਸੀ ਮੰਗਲੋਰ ਥਾਣਾ ਸਲੇਮਪੁਰ ਬੁਲੰਦ ਸ਼ਹਿਰ ਉੱਤਰ ਪ੍ਰਦੇਸ਼ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਉਸ ਨੂੰ ਇੱਥੇ ਲੈ ਕੇ ਆਈ ਹੈ।