ਕੁਲਦੀਪ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਡੇਰਾ ਬਾਬਾ ਨਾਨਕ ਦੇ ਇਲਾਕੇ ਦਾ ਦੌਰਾ
Gurdaspur News : ਸੂਬੇ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਡੇਰਾ ਬਾਬਾ ਨਾਨਕ ਅਤੇ ਹੋਰ ਨੇੜਲੇ ਇਲਾਕੇ ਦਾ ਦੌਰਾ ਕਰਕੇ ਰਾਵੀ
Gurdaspur News : ਸੂਬੇ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਡੇਰਾ ਬਾਬਾ ਨਾਨਕ ਅਤੇ ਹੋਰ ਨੇੜਲੇ ਇਲਾਕੇ ਦਾ ਦੌਰਾ ਕਰਕੇ ਰਾਵੀ ਦਰਿਆ ਦੇ ਪਾਣੀ ਤੋਂ ਪ੍ਰਭਾਵਤ ਖੇਤਰ ਦਾ ਜਾਇਜਾ ਲਿਆ ਗਿਆ। ਕੈਬਨਿਟ ਮੰਤਰੀ ਸ. ਧਾਲੀਵਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਰਾਵੀ ਦਰਿਆ ਤੋਂ ਪਾਰ ਘਣੀਏ ਕੇ ਬੇਟ ਇਲਾਕੇ ਵਿੱਚ ਪਹੁੰਚ ਕੇ ਓਥੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜਾ ਵੀ ਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਘੱਟ ਕੇ ਇੱਕ ਤੋਂ ਸਵਾ ਲੱਖ ਕਿਊਸਿਕ ਦੇ ਵਿੱਚ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਵੱਡਾ ਖ਼ਤਰਾ ਟਲ ਗਿਆ ਹੈ ਪਰ ਇਸਦੇ ਬਾਵਜੂਦ ਵੀ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਸੀਜ਼ਨ ਹੋਣ ਕਾਰਨ ਪਹਾੜੀ ਖੇਤਰ ਵਿੱਚ ਹੁੰਦੀਆਂ ਬਾਰਸ਼ਾਂ ਕਾਰਨ ਦੁਬਾਰਾ ਵੀ ਪਾਣੀ ਆ ਸਕਦਾ ਹੈ ਇਸ ਲਈ ਪੰਜਾਬ ਸਰਕਾਰ ਉਸ ਸਥਿਤੀ ਨੂੰ ਸਾਹਮਣੇ ਰੱਖ ਕੇ ਆਪਣੀਆਂ ਤਿਆਰੀਆਂ ਕਰ ਰਹੀ ਹੈ।
ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਦਾ ਪ੍ਰਕੋਪ ਖਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਰਵੇ ਕਰਵਾ ਕੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਇਸ ਔਖੀ ਘੜ੍ਹੀ ਵਿੱਚ ਹਰ ਕਿਸੇ ਦੀ ਬਾਂਹ ਫੜੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਅੱਜ ਰਾਵੀ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਸਤੇ ਵਿੱਚ ਵੀ ਜੋ ਪਾਣੀ ਆਇਆ ਸੀ ਉਹ ਵੀ ਪਿੱਛੇ ਹਟ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਕਾਰਨ ਕੋਰੀਡੋਰ ਦੇ ਰਸਤੇ ਨੂੰ ਥੋੜਾ ਨੁਕਸਾਨ ਪਹੁੰਚਿਆ ਹੈ ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੱਲ ਵਾਹਨ ਆਦਿ ਲੰਘਾ ਕੇ ਉਸ ਰਸਤੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਸਾਰੀ ਸਥਿਤੀ ਠੀਕ ਪਾਈ ਗਈ ਤਾਂ ਐਤਵਾਰ 23 ਜੁਲਾਈ ਤੋਂ ਦੁਬਾਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬਰਸਾਤੀ ਮੌਸਮ ਹੋਣ ਕਾਰਨ ਦੁਬਾਰਾ ਪਾਣੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਰਾਹਤ ਟੀਮਾਂ ਪਰਸੋਂ ਤੋਂ ਹੀ ਇਸ ਇਲਾਕੇ ਵਿੱਚ ਕੰਮ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਰਿਆਵਾਂ ਦੇ ਨੇੜੇ ਨਾ ਜਾਣ। ਉਨਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਤਰਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਦਰਿਆਵਾਂ ਨੇੜੇ ਰਹਿੰਦੇ ਲੋਕ ਚੌਕਸ ਰਹਿਣ ਅਤੇ ਜਦੋਂ ਵੀ ਕਿਸੇ ਨੂੰ ਲੋੜ ਮਹਿਸੂਸ ਹੋਵੇ ਉਹ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਜਾਂ ਟੋਲ ਫਰੀ ਨੰਬਰ 1800-180-1852 ’ਤੇ ਸੰਪਰਕ ਕਰ ਸਕਦੇ ਹਨ।