Punjab Weather Report: ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ, ਪੰਜਾਬ ਦੇ 11 ਜ਼ਿਲ੍ਹਿਆਂ 'ਚ ਤੂਫਾਨ ਤੇ ਮੀਂਹ ਦੀ ਚੇਤਾਵਨੀ
ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੇਤਾਵਨੀ ਵਿੱਚ ਬਰਸਾਤ ਤੇ ਬਿਜਲੀ ਲਿਸ਼ਕਣ ਦੌਰਾਨ ਦਰੱਖਤਾਂ ਦੇ ਹੇਠਾਂ ਖੜ੍ਹੇ ਹੋਣ ਜਾਂ ਖੇਤਾਂ ਵਿੱਚ ਕੰਮ ਨਾ ਕਰਨ ਲਈ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ।
Punjab Weather Report: ਪੰਜਾਬ 'ਚ ਅੱਜ ਵੀ ਹਨ੍ਹੇਰੀ ਤਾ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੂਬੇ 'ਚ ਦੂਜੇ ਦਿਨ ਵੀ ਮੌਸਮ ਖਰਾਬ ਹੀ ਹੈ। ਪਿਛਲੇ 24 ਘੰਟਿਆਂ 'ਚ ਹੋਈ ਬਾਰਸ਼ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸ਼ਹਿਰਾਂ ਦਾ ਘੱਟੋ ਤੋਂ ਘੱਟ ਤਾਪਮਾਨ 23 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ, ਜਦਕਿ ਅੱਜ 11 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਕਿਹੜੇ ਜ਼ਿਲ੍ਹਿਆਂ 'ਚ ਕੀਤਾ ਗਿਆ ਅਲਰਟ
ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਅਨੁਸਾਰ ਅੱਜ ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੇਤਾਵਨੀ ਵਿੱਚ ਬਰਸਾਤ ਤੇ ਬਿਜਲੀ ਲਿਸ਼ਕਣ ਦੌਰਾਨ ਦਰੱਖਤਾਂ ਦੇ ਹੇਠਾਂ ਖੜ੍ਹੇ ਹੋਣ ਜਾਂ ਖੇਤਾਂ ਵਿੱਚ ਕੰਮ ਨਾ ਕਰਨ ਲਈ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ।
ਉਧਰ, ਜੂਨ ਵਿੱਚ ਮਾਨਸੂਨ ਵੇਵ ਦੇ ਵੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਪੋਰਟ ਬਲੇਅਰ ਤੋਂ 425 ਕਿਲੋਮੀਟਰ ਦੂਰ ਨਨਕੋਵਰੀ ਟਾਪੂ 'ਤੇ ਫਸਿਆ ਹੋਇਆ ਹੈ। ਇਹ 6 ਦਿਨਾਂ ਤੋਂ ਅੱਗੇ ਨਹੀਂ ਵਧ ਰਿਹਾ। ਇਸ ਕਾਰਨ ਦੇਸ਼ ਵਿੱਚ ਮਾਨਸੂਨ 4-5 ਦਿਨ ਦੀ ਦੇਰੀ ਨਾਲ ਪਹੁੰਚ ਸਕਦਾ ਹੈ। ਮਾਨਸੂਨ ਆਮ ਤੌਰ 'ਤੇ 25 ਜੂਨ ਤੱਕ ਪੰਜਾਬ ਪਹੁੰਚ ਜਾਂਦਾ ਹੈ ਪਰ ਇਸ ਸਾਲ ਜੁਲਾਈ 'ਚ ਪਹੁੰਚਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਅਰਬ ਸਾਗਰ ਵਿੱਚ ਬਣੇ ਚੱਕਰਵਾਤ ਤੋਂ ਨਮੀ ਆ ਰਹੀ ਹੈ। ਇਸ ਕਾਰਨ ਕਈ ਇਲਾਕਿਆਂ 'ਚ ਬਾਰਸ਼ ਹੋ ਰਹੀ ਹੈ। ਵੈਸਟਰਨ ਡਿਸਟਰਬੈਂਸ ਵੀ 23 ਮਈ ਤੋਂ ਸਰਗਰਮ ਹੈ। ਇਹ ਪ੍ਰਣਾਲੀ ਮਈ ਦੇ ਆਖਰੀ ਦਿਨਾਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਮਈ ਦਾ ਆਖ਼ਰੀ ਹਫ਼ਤਾ ਸ਼ੁਰੂ ਹੋਣ ਦੇ ਬਾਵਜੂਦ ਬੁੱਧਵਾਰ ਤੋਂ ਬਾਅਦ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਗਰਮੀ ਦੀ ਲਹਿਰ ਨਹੀਂ ਆਈ।
ਲੰਘੇ 24 ਘੰਟਿਆਂ ਦਾ ਕਿਹੋ ਜਿਹਾ ਰਿਹਾ ਹਾਲ
ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ, ਬਿਹਾਰ, ਝਾਰਖੰਡ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਸ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਤਾਪਮਾਨ ਆਮ ਨਾਲੋਂ 5 ਡਿਗਰੀ ਘੱਟ ਰਿਹਾ।