ਮੂਸੇਵਾਲਾ ਕਤਲ ਕਾਂਡ 'ਚ ਵੱਡਾ ਖੁਲਾਸਾ, ਲਾਰੈਂਸ਼ ਬਿਸ਼ਨੋਈ ਦਾ ਭਰਾ ਤੇ ਕਰੀਬੀ ਫਰਜ਼ੀ ਪਾਸਪੋਰਟ 'ਤੇ ਵਿਦੇਸ਼ ਫਰਾਰ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ, ਆਪਣੇ ਕਰੀਬੀ ਸਾਥੀ ਸਚਿਨ ਥਾਪਨ ਅਤੇ ਖੁਦ ਨੂੰ ਬਚਾਉਣ ਲਈ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਇਕ ਪਰਫੈਕਟ ਪਲਾਨ ਬਣਾਇਆ ਸੀ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ, ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ, ਆਪਣੇ ਕਰੀਬੀ ਸਾਥੀ ਸਚਿਨ ਥਾਪਨ ਅਤੇ ਖੁਦ ਨੂੰ ਬਚਾਉਣ ਲਈ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਇਕ ਪਰਫੈਕਟ ਪਲਾਨ ਬਣਾਇਆ ਸੀ ਤਾਂ ਜੋ ਉਹ ਅਤੇ ਉਸ ਦੇ ਸਾਥੀਆਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਬੰਧ ਨਾ ਦਿਖ ਸਕੇ।
ਐਂਟੀ ਗੈਂਗਸਟਰ ਟਾਸਕ ਫੋਰਸ ਦੇ ADGP ਪ੍ਰਮੋਦ ਬਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ “ਇਸ ਯੋਜਨਾ ਨੂੰ ਅੰਜਾਮ ਦੇਣ ਲਈ, ਉਸਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਸਚਨ ਥਾਪਨ ਲਈ ਖੇਤਰੀ ਪਾਸਪੋਰਟ ਦਫਤਰ, ਦਿੱਲੀ ਵੱਲੋਂ ਜਾਰੀ ਕੀਤੇ ਗਏ ਜਾਅਲੀ ਵੇਰਵਿਆਂ ਦੇ ਅਧਾਰ ਤੇ ਪਾਸਪੋਰਟ ਪ੍ਰਾਪਤ ਕੀਤੇ ਅਤੇ ਇਸ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਦੇਸ਼ ਛੱਡਾ ਦਿੱਤਾ।”
ਉਸਨੇ ਕਿਹਾ, “ਉਨ੍ਹਾਂ ਨੂੰ ਵਿਦੇਸ਼ ਵਿੱਚ ਵਸਾਇਆ ਜਿੱਥੋਂ ਉਹ ਇਸ ਅਪਰਾਧ ਨੂੰ ਬਿਨਾਂ ਨੋਟਿਸ ਕੀਤੇ ਜਾਂ ਦੋਸ਼ੀ ਠਹਿਰਾਏ ਬਿਨਾਂ ਤਾਲਮੇਲ, ਸਹੂਲਤ ਅਤੇ ਸਫਲਤਾਪੂਰਵਕ ਅੰਜਾਮ ਦੇ ਸਕਦੇ ਸਨ। ਅਨਮੋਲ ਬਿਸ਼ਨੋਈ (ਲਾਰੈਂਸ ਬਿਸ਼ਨੋਈ ਦਾ ਭਰਾ) ਦਾ ਅਪਰਾਧਿਕ ਅਤੀਤ ਹੈ, ਜਿਸ 'ਤੇ ਲਗਭਗ 18 ਅਪਰਾਧਿਕ ਮਾਮਲੇ ਦਰਜ ਹਨ। ਅੰਤ ਵਿੱਚ ਉਹ ਜੋਧਪੁਰ ਜੇਲ੍ਹ ਵਿੱਚ ਸੀ, ਜਿੱਥੋਂ ਉਸਨੂੰ 7 ਅਕਤੂਬਰ, 2021 ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਅਨਮੋਲ ਬਿਸ਼ਨੋਈ ਨੇ ਜਾਅਲੀ ਵੇਰਵਿਆਂ ਦੇ ਤਹਿਤ ਆਰਪੀਓ ਦਿੱਲੀ ਵੱਲੋਂ ਜਾਰੀ ਕੀਤਾ ਪਾਸਪੋਰਟ ਪ੍ਰਾਪਤ ਕੀਤਾ ਸੀ। ਇਸੇ ਤਰ੍ਹਾਂ, ਸਚਿਨ ਥਾਪਨ, ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਅਤੇ 12 ਅਪਰਾਧਿਕ ਮਾਮਲਿਆਂ ਨਾਲ ਅਪਰਾਧਿਕ ਪਿਛੋਕੜ ਵਾਲਾ ਅਪਰਾਧੀ ਹੈ। ਉਸਨੇ ਵੀ ਫਰਜ਼ੀ ਵੇਰਵਿਆਂ ਦੇ ਤਹਿਤ ਆਰਪੀਓ ਦਿੱਲੀ ਵੱਲੋਂ ਜਾਰੀ ਕੀਤਾ ਪਾਸਪੋਰਟ ਪ੍ਰਾਪਤ ਕੀਤਾ ਹੈ।”
ਪੁਲਿਸ ਦੇ ਵਧੀਕ ਡਾਇਰੈਕਟਰ-ਜਨਰਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਵੱਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਇਨ੍ਹਾਂ ਖੁਲਾਸਿਆਂ ਦੇ ਆਧਾਰ 'ਤੇ ਲਾਰੇਂਸ ਅਤੇ ਉਸ ਦੇ ਸਾਥੀਆਂ ਵਿਰੁੱਧ ਪਾਸਪੋਰਟ ਐਕਟ ਅਤੇ ਆਰਮਜ਼ ਐਕਟ ਦੀ ਧਾਰਾ 25, ਹੋਰਾਂ ਦੇ ਨਾਲ ਆਈਪੀਸੀ ਦੀ ਧਾਰਾ 384, 465, 466, 471, 120ਬੀ, ਧਾਰਾ 12 ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਸੀ।