ਪੰਜਾਬ 'ਚ ਲੰਪੀ ਸਕਿਨ ਦਾ ਵਧਿਆ ਕਹਿਰ, ਵਿਗੜਦੇ ਹਾਲਾਤ ਵੇਖ ਸਰਕਾਰ ਨੇ ਲਿਆ ਅਹਿਮ ਫੈਸਲਾ
ਸਰਕਾਰ ਸੂਤਰਾਂ ਮੁਤਾਬਕ 600 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹਾਲਤ ਵਿਗੜਦੇ ਵੇਖ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਦੇ ਫ਼ੈਲਾਅ ਨੂੰ ਠੱਲ੍ਹਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਚੰਡੀਗੜ੍ਹ : ਪੰਜਾਬ ਵਿੱਚ ਲੰਪੀ ਸਕਿਨ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ 30 ਹਜ਼ਾਰ ਤੋਂ ਵੱਧ ਪਸ਼ੂ ਇਸ ਚਮੜੀ ਰੋਗ ਦੀ ਮਾਰ ਹੇਠ ਆ ਗਿਆ ਹੈ। ਸਰਕਾਰ ਸੂਤਰਾਂ ਮੁਤਾਬਕ 600 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹਾਲਤ ਵਿਗੜਦੇ ਵੇਖ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਦੇ ਫ਼ੈਲਾਅ ਨੂੰ ਠੱਲ੍ਹਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਸੂਬਿਆਂ ਵਿੱਚ ਲਿਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ।
ਉਧਰ, ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਹੈਦਰਾਬਾਦ ਤੋਂ ਉਚੇਚੇ ਤੌਰ ’ਤੇ ‘ਗੋਟ ਪੌਕਸ’ ਦਵਾਈ ਦੀ 66,666 ਡੋਜ਼ ਮੰਗਾ ਕੇ ਸੂਬੇ ਭਰ ਵਿੱਚ ਵੰਡੀ ਗਈ ਹੈ ਤੇ ਹੋਰ ਦਵਾਈ ਵੀ ਮੰਗਵਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਨਾ ਸੁੱਟ ਕੇ, ਸਗੋਂ ਦਫ਼ਨ ਕੀਤਾ ਜਾਵੇ। ਹਾਲ ਦੀ ਘੜੀ ਦੂਜੇ ਰਾਜਾਂ ਤੋਂ ਪਸ਼ੂ ਖ਼ਰੀਦ ਕੇ ਪੰਜਾਬ ਅੰਦਰ ਨਾ ਲਿਆਂਦੇ ਜਾਣ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਪੌਣੇ ਛੇ ਸੌ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤ ਪਸ਼ੂਆਂ ਦਾ ਅੰਕੜਾ 27 ਹਜ਼ਾਰ ਨੂੰ ਛੂਹ ਗਿਆ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਂਝ ਇਸ ਬਿਮਾਰੀ ਨਾਲ ਪੀੜਤ ਪਸ਼ੂਆਂ ਦੀ ਗਿਣਤੀ ਵੱਧ ਅਨੁਮਾਨ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਦਾ ਇਲਾਜ ਦੇਸੀ ਤਰੀਕਿਆਂ ਨਾਲ ਕਰ ਰਹੇ। ਸੂਬੇ ਅੰਦਰ ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਹੁਣ ਹੱਡਾ ਰੋੜੀਆਂ ਵੀ ਪਸ਼ੂਆਂ ਨੂੰ ਝੱਲ ਨਹੀਂ ਰਹੀਆਂ। ਆਵਾਰਾ ਪਸ਼ੂ ਤਾਂ ਸੜਕਾਂ ਕਿਨਾਰੇ ਹੀ ਪਏ ਹਨ, ਜਿਨ੍ਹਾਂ ਕਾਰਨ ਹਾਲਾਤ ਹੋਰ ਵਿਗੜਨ ਦਾ ਵੀ ਖ਼ਦਸ਼ਾ ਖੜ੍ਹਾ ਹੋ ਗਿਆ ਹੈ।
ਦੱਸ ਦਈਏ ਕਿ ਕਿ ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਦਾ ਕੇਸ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਆਇਆ ਸੀ ਤੇ ਗੁਜਰਾਤ ਤੇ ਰਾਜਸਥਾਨ ਵੱਲੋਂ ਸੂਬੇ ਵਿੱਚ ਇਸ ਬਿਮਾਰੀ ਦਾ ਪ੍ਰਵੇਸ਼ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮਾਹਰ ਆਖਦੇ ਹਨ ਕਿ ਇਹ ਬਿਮਾਰੀ ਪਾਕਿਸਤਾਨ ’ਚੋਂ ਆਈ ਹੈ, ਜਿਸ ਦਾ ਪਾਸਾਰ ਹੁਣ ਹਰਿਆਣਾ ਸੂਬੇ ਵਿੱਚ ਵੀ ਵੱਡੇ ਪੱਧਰ ’ਤੇ ਹੋ ਗਿਆ ਹੈ। ਇਸ ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਰਾਜਸਥਾਨ ਸੂਬਿਆਂ ਵਿੱਚ ਲੱਗਣ ਵਾਲੇ ਪਸ਼ੂਆਂ ਮੇਲਿਆਂ ’ਤੇ ਰੋਕ ਲਗਾਈ ਗਈ ਹੈ। ਪੰਚਾਇਤ ਮਹਿਕਮੇ ਨੂੰ ਪਿੰਡਾਂ ਦੀਆਂ ਹੱਡਾ ਰੋੜੀਆਂ ’ਤੇ ਨਿਗ੍ਹਾ ਰੱਖਣ ਲਈ ਕਿਹਾ ਗਿਆ ਹੈ।