ਕੈਪਟਨ ਦੇ ਗੜ੍ਹ 'ਚੋਂ ਉੱਠੀ ਆਵਾਜ਼, ਕਾਂਗਰਸ ਨੂੰ ਬਚਾਉਣਾ ਤਾਂ ਸਿੱਧੂ ਬਣੇ ਪ੍ਰਧਾਨ
ਵਿਧਾਇਕ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੱਧੂ ਹੀ ਕਾਂਗਰਸ ਦੇ ਅਗਲੇ ਪ੍ਰਧਾਨ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਨਾਲ ਕਾਂਗਰਸ ਵਿੱਚ ਨਵੀਂ ਰੂਹ ਫੂਕੀ ਜਾਵੇਗੀ ਤੇ ਕਾਂਗਰਸ ਦਾ ਮੁੜ ਸੱਤਾ 'ਚ ਆਉਆ ਯਕੀਨੀ ਹੋ ਜਾਵੇਗਾ।
ਪਟਿਆਲਾ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਵਿਧਾਇਕ ਨਵਜੋਤ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿੱਚ ਆਪਣੀ ਸਰਗਰਮੀ ਵਿਖਾਈ ਹੈ। ਸਿੱਧੂ ਨੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਮੁਲਾਕਾਤ ਕੀਤੀ। ਦੋਵਾਂ ਵਿਧਾਇਕਾਂ ਨੇ ਸਿੱਧੂ ਦੇ ਹੱਕ ਵਿੱਚ ਡਟਦਿਆਂ ਕਿਹਾ ਕਿ ਕਾਂਗਰਸ ਨੂੰ ਬਚਾਉਣਾ ਹੈ ਕਿ ਇਸ ਨੌਜਵਾਨ ਲੀਡਰ ਹੱਥ ਕਾਂਗਰਸ ਦੀ ਕਮਾਨ ਦੇਣੀ ਚਾਹੀਦੀ ਹੈ।
ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਹਲਕਿਆਂ ਵਿੱਚੋਂ ਸੱਤ 'ਤੇ ਕਾਂਗਰਸ ਦੇ ਵਿਧਾਇਕ ਹਨ। ਇਨ੍ਹਾਂ ਵਿੱਚੋਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ, ਉੱਥੇ ਨਾਭਾ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਹਨ, ਜਦਕਿ ਪਟਿਆਲਾ ਜ਼ਿਲ੍ਹੇ ਦੇ ਬਾਕੀ ਕਾਂਗਰਸੀ ਵਿਧਾਇਕਾਂ ਵਿੱਚ ਰਾਜਪੁਰਾ ਤੋਂ ਹਰਦਿਆਲ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ ਤੇ ਸਮਾਣਾ ਤੋਂ ਟਕਸਾਲੀ ਨੇਤਾ ਲਾਲ ਸਿੰਘ ਦੇ ਫਰਜ਼ੰਦ ਕਾਕਾ ਰਜਿੰਦਰ ਸਿੰਘ ਦੇ ਨਾਂ ਸ਼ਾਮਲ ਹਨ।
ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੱਧੂ ਹੀ ਕਾਂਗਰਸ ਦੇ ਅਗਲੇ ਪ੍ਰਧਾਨ ਹੋਣੇ ਚਾਹੀਦੇ ਹਨ। ਨਵਜੋਤ ਸਿੱਧੂ ਨੂੰ ਹਰ ਪੱਖ ਤੋਂ ਪ੍ਰਧਾਨਗੀ ਦੇ ਕਾਬਲ ਦੱਸਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਨਾਲ ਕਾਂਗਰਸ ਵਿੱਚ ਨਵੀਂ ਰੂਹ ਫੂਕੀ ਜਾਵੇਗੀ ਤੇ ਕਾਂਗਰਸ ਦਾ ਮੁੜ ਸੱਤਾ 'ਚ ਆਉਆ ਯਕੀਨੀ ਹੋ ਜਾਵੇਗਾ।
ਇਸ ਦੌਰਾਨ ਨਵਜੋਤ ਸਿੱਧੂ ਅੱਜ ਆਪਣੇ ਕੁਝ ਕਾਂਗਰਸੀ ਆਗੂ ਸਾਥੀਆਂ ਸਮੇਤ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸਨੌਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਜਲਾਲਪੁਰ ਸਥਿਤ ਰਿਹਾਇਸ਼ ’ਤੇ ਪੁੱਜੇ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਤੇ ਕਈ ਹੋਰ ਕਾਂਗਰਸ ਆਗੂ ਵੀ ਸਿੱਧੂ ਦੇ ਨਾਲ ਮੌਜੂਦ ਸਨ।
ਪਹਿਲਾਂ ਤੋਂ ਹੀ ਉਲੀਕੇ ਗਏ ਇਸ ਪ੍ਰੋਗਰਾਮ ਤਹਿਤ ਜਲਾਲਪੁਰ ਦੀ ਅਗਵਾਈ ਹੇਠਾਂ ਉਨ੍ਹਾਂ ਦੇ ਘਰ ਇਕੱਤਰ ਹੋਏ ਹਲਕਾ ਘਨੌਰ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਲਾਲਪੁਰ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਖੁੱਲ੍ਹੇਆਮ ਵਕਾਲਤ ਕੀਤੀ। ਨਵਜੋਤ ਸਿੱਧੂ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਕਿਸੇ ਕਾਂਗਰਸੀ ਵਿਧਾਇਕ ਦੇ ਘਰ ਖ਼ੁਦ ਚੱਲ ਕੇ ਜਾਣ ਦੀ ਇਹ ਪਲੇਠੀ ਕਾਰਵਾਈ ਹੈ।