Nangal News: ਭਾਖੜਾ ਡੈਮ ਤੋਂ ਪਾਣੀ ਛੱਡਣ ਕਰਕੇ ਨੰਗਲ ਇਲਾਕੇ ਦੇ ਕਈ ਪਿੰਡ ਪਾਣੀ 'ਚ ਡੁੱਬੇ
Punjab News: ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਬੀਬੀਐਮਬੀ ਵੱਲੋਂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੇ ਸਤਲੁਜ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਲਈ
Nangal News: ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਪਹਾੜੀ ਇਲਾਕੇ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਬੀਬੀਐਮਬੀ ਵੱਲੋਂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੇ ਸਤਲੁਜ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਲਈ ਦਿੱਕਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨੰਗਲ ਇਲਾਕੇ ਵਿੱਚ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਦਰਅਸਲ ਪਿਛਲੇ ਦਿਨੀਂ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਰਕੇ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਜ਼ਿਆਦਾ ਹੋ ਗਈ ਹੈ। ਇਸ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ ਵੀ ਲਗਾਤਾਰ ਵਧਦਾ ਜਾ ਰਿਹਾ ਸੀ। ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੀ ਹੇਠਾਂ ਰਹਿ ਗਿਆ।
ਉਧਰ, ਅੱਜ ਹਿਮਾਚਲ ਤੋਂ ਆ ਰਹੇ ਪਾਣੀ ਦੀ ਆਮਦ ਘੱਟ ਹੋਣ ਕਰਕੇ ਸਤਲੁਜ ਦਰਿਆ ਕੰਢੇ ਵੱਸੇ ਲੋਕਾਂ ਨੂੰ ਰਾਹਤ ਮਿਲੀ ਹੈ। ਭਾਖੜਾ ਡੈਮ ਦਾ ਲੈਵਲ ਵੀ ਘਟਿਆ ਹੈ। ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਇਸ ਨਾਲ ਪ੍ਰਸ਼ਾਸਨ ਨੂੰ ਵੀ ਸਤਲੁਜ ਦਰਿਆ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਿੱਚ ਕਾਫ਼ੀ ਮਦਦ ਹੋਵੇਗੀ।
ਦੱਸ ਦਈਏ ਕਿ ਕੱਲ੍ਹ ਹੀ ਸਤਲੁਜ ਦਰਿਆ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਨੰਗਲ ਪੁਲਿਸ ਨੇ ਆਪਣੀ ਮੌਜੂਦਗੀ ਦਿਖਾਈ ਹੈ। ਨੰਗਲ ਦੇ ਨਾਲ ਲੱਗਦੇ ਪਿੰਡ ਦੌਲਾ ਬਸਤੀ ਵਿੱਚ ਫਸੇ ਲੋਕਾਂ ਨੂੰ ਨੰਗਲ ਪੁਲਿਸ ਵੱਲੋਂ ਜੇਸੀਬੀ ਰਾਹੀਂ ਬਾਹਰ ਕੱਢਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਇੰਨਾ ਪਾਣੀ ਆਉਣ ਦੇ ਬਾਵਜੂਦ ਕੋਈ ਨੁਕਸਾਨ ਨਹੀਂ ਹੋਇਆ। ਡੀਐਸਪੀ ਨੰਗਲ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਸਤਲੁਜ ਦਰਿਆ ਵਿੱਚ ਫਸੇ ਤਿੰਨ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਡੀਐਸਪੀ ਨੰਗਲ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਮੁਸੀਬਤ ਸਾਰਿਆਂ ਤੇ ਇਕੱਠੀ ਪਈ ਹੈ।
ਉਧਰ, ਪਿੰਡ ਗੱਜਪੁਰ, ਸ਼ਾਹਪੁਰ ਬੇਲਾ, ਜਿੰਦਵੜੀ, ਗੋਲਣੀ, ਪਲਾਸੀ, ਭਲਾਨ, ਹਰੀਵਾਲ, ਚੰਦਪੁਰ, ਮਹਿਦਲੀ ਖੁਰਦ ਵਿਖੇ ਖੇਤਾਂ ਸਮੇਤ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਤੱਕ ਪਾਣੀ ਪੁੱਜ ਗਿਆ। ਪ੍ਰਸ਼ਾਸਨ ਦੇ ਹਰਕਤ ਵਿੱਚ ਆਉਣ ਤੋਂ ਬਾਅਦ ਨੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਐਨਡੀਆਰਐਫ ਦੀਆਂ ਟੀਮਾਂ ਵੀ ਲਾ ਦਿੱਤੀਆਂ ਗਈਆਂ ਜਿਨ੍ਹਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕਈ ਪਿੰਡਾਂ ਵਿੱਚ ਚਾਰੇ ਪਾਸੇ ਤੋਂ ਪਾਣੀ ਆਉਣ ਕਾਰਨ ਘਰਾਂ ਵਿੱਚ ਲੋਕ ਫਸੇ ਹੋਏ ਹਨ। ਇਨ੍ਹਾਂ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਰੈਸਕਿਊ ਕੀਤਾ ਜਾ ਰਿਹਾ ਹੈ।