Punjab News: ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ! ਕੇਂਦਰ ਦੀਆਂ ਟੀਮਾਂ ਪੰਜਾਬ ਪਹੁੰਚੀਆਂ
ਹੁਣ ਬਾਰਸ਼ ਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦੀ ਕੁਆਲਿਟੀ ਹੇਠਾਂ ਆ ਗਈ ਹੈ। ਕਈ ਇਲਾਕਿਆਂ ਅੰਦਰ ਕਣਕ ਦੀ ਕੁਆਲਿਟੀ ਕੇਂਦਰ ਸਰਕਾਰ ਦੇ ਮਾਪਦੰਡਾਂ ਉੱਪਰ ਵੀ ਪੂਰੀ ਨਹੀਂ ਉੱਤਰੇਗੀ।
Punjab News: ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹੁਣ ਬਾਰਸ਼ ਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦੀ ਕੁਆਲਿਟੀ ਹੇਠਾਂ ਆ ਗਈ ਹੈ। ਕਈ ਇਲਾਕਿਆਂ ਅੰਦਰ ਕਣਕ ਦੀ ਕੁਆਲਿਟੀ ਕੇਂਦਰ ਸਰਕਾਰ ਦੇ ਮਾਪਦੰਡਾਂ ਉੱਪਰ ਵੀ ਪੂਰੀ ਨਹੀਂ ਉੱਤਰੇਗੀ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ ਜਾਂ ਫਿਰ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੇ ਖਦਸ਼ਿਆਂ ਮਗਰੋਂ ਪੰਜਾਬ ਸਰਕਾਰ ਨੇ ਵੀ ਕੇਂਦਰ ਕੋਲ ਛੋਟ ਦੇਣ ਮੰਗ ਕੀਤੀ ਹੈ।
ਇਸ ਲਈ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਚਾਰ ਕੇਂਦਰੀ ਟੀਮਾਂ ਅੱਜ ਪੰਜਾਬ ਵਿੱਚ ਬੇਮੌਸਮੇ ਮੀਂਹ ਤੇ ਝੱਖੜ ਨਾਲ ਕਣਕ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣਗੀਆਂ। ਇਹ ਟੀਮਾਂ ਵੀਰਵਾਰ ਨੂੰ ਚੰਡੀਗੜ੍ਹ ਪੁੱਜ ਗਈਆਂ ਸੀ ਤੇ ਅੱਜ ਪੰਜਾਬ ਦੇ ਅਫ਼ਸਰਾਂ ਨਾਲ ਸਾਂਝਾ ਦੌਰਾ ਆਰੰਭ ਕਰਨਗੀਆਂ। ਖਦਸ਼ਾ ਹੈ ਕਿ ਬਾਰਸ਼ ਤੇ ਗੜ੍ਹੇਮਾਰੀ ਕਰਕੇ ਕਣਕ ਦੀ ਗੁਣਵੱਤਾ ਹੇਠਾਂ ਆਈ ਹੈ ਜਿਸ ਕਰਕੇ ਫ਼ਸਲ ਦਾ ਕੇਂਦਰੀ ਮਾਪਦੰਡਾਂ ’ਤੇ ਖਰਾ ਉੱਤਰਨਾ ਮੁਸ਼ਕਲ ਹੈ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਫਸਲ ਮੰਡੀਆਂ ਵਿੱਚ ਵੇਚਣ ਵੇਲੇ ਵੀ ਦਿੱਕਤ ਆਏਗੀ।
ਉਧਰ, ਪੰਜਾਬ ਸਰਕਾਰ ਨੇ ਕੇਂਦਰੀ ਮਾਪਦੰਡਾਂ ਵਿੱਚ ਢਿੱਲ ਦੇਣ ਤੇ ਬਿਨਾਂ ਕਿਸੇ ਕਟੌਤੀ ਤੋਂ ਫ਼ਸਲ ਦੀ ਖ਼ਰੀਦ ਕਰਨ ਦੀ ਗੁਹਾਰ ਲਗਾਈ ਹੈ। ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਅੱਜ ਕੇਂਦਰੀ ਟੀਮਾਂ ਖ਼ਰੀਦ ਕੇਂਦਰਾਂ ਵਿੱਚ ਆਈ ਫ਼ਸਲ ਦੇ ਨਮੂਨੇ ਲੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮਾਂ ਖੇਤਾਂ ਵਿੱਚ ਖੜ੍ਹੀ ਪ੍ਰਭਾਵਿਤ ਫ਼ਸਲ ਦਾ ਜਾਇਜ਼ਾ ਲੈਣ ਲਈ ਵੀ ਜਾਣਗੀਆਂ। ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਬਿਨਾਂ ਕਟੌਤੀ ਤੋਂ ਫ਼ਸਲ ਦੀ ਖ਼ਰੀਦ ਕਰਨ ਲਈ ਕਿਹਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਕਿਸਾਨ ਪੱਖੀ ਫ਼ੈਸਲਾ ਲਵੇਗਾ।
ਦੱਸ ਦਈਏ ਕਿ ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਵੀਰਵਾਰ ਨੂੰ ਦਿੱਲੀ ’ਚ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ ’ਚ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਗੁਣਵੱਤਾ ਦੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਬਾਰੇ ਫ਼ੈਸਲਾ ਜਲਦ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 16 ਜ਼ਿਲ੍ਹਿਆਂ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਨੁਕਸਾਨ ਦਾ ਪਤਾ ਲੱਗਾ ਹੈ ਤੇ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਫ਼ਸਲੀ ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਣ ਮਗਰੋਂ ਖ਼ਰੀਦ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਅਗਲੇ ਹਫ਼ਤੇ ਫ਼ੈਸਲਾ ਲਵਾਂਗੇ।
ਕੇਂਦਰੀ ਖੁਰਾਕ ਮੰਤਰਾਲੇ ਨੇ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਭਾਰਤੀ ਖ਼ੁਰਾਕ ਨਿਗਮ ਦੇ ਉਨ੍ਹਾਂ ਅੱਠ ਅਫ਼ਸਰਾਂ ਦੀ ਸੂਚੀ ਭੇਜੀ ਹੈ ਜਿਨ੍ਹਾਂ ਵੱਲੋਂ ਅੱਜ ਤੋਂ ਕਣਕ ਦੇ ਨਮੂਨੇ ਲਏ ਜਾਣਗੇ। ਇਨ੍ਹਾਂ ਟੀਮਾਂ ਵੱਲੋਂ ਨਮੂਨੇ ਐਫਸੀਆਈ ਦੀ ਖੇਤਰੀ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਜਿਨ੍ਹਾਂ ਦੀ ਰਿਪੋਰਟ ਜਲਦੀ ਕੇਂਦਰੀ ਮੰਤਰਾਲੇ ਕੋਲ ਭੇਜੀ ਜਾਵੇਗੀ।