ਸੰਤ ਸੀਚੇਵਾਲ ਤੇ ਸਾਹਨੀ ਨੇ ਭਰਿਆ ਨਾਮਜ਼ਦਗੀ ਪੱਤਰ: ਆਮ ਆਦਮੀ ਪਾਰਟੀ ਵੱਲੋਂ ਜਾਣਗੇ ਰਾਜ ਸਭਾ 'ਚ; ਵਿਰੋਧ 'ਚ ਕੋਈ ਨਹੀਂ; ਜਿੱਤ ਤੈਅ
ਉੱਘੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸਮਾਜ ਸੇਵੀ ਪਦਮਸ੍ਰੀ ਵਿਕਰਮਜੀਤ ਸਾਹਨੀ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ।
ਚੰਡੀਗੜ੍ਹ: ਉੱਘੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸਮਾਜ ਸੇਵੀ ਪਦਮਸ੍ਰੀ ਵਿਕਰਮਜੀਤ ਸਾਹਨੀ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਸੰਤ ਸੀਚੇਵਾਲ ਤੇ ਸਾਹਨੀ ਦਾ ਰਾਜ ਸਭਾ ਪੁੱਜਣਾ ਤੈਅ ਹੈ। ਪੰਜਾਬ 'ਚ 'ਆਪ' ਦੇ 117 'ਚੋਂ 92 ਵਿਧਾਇਕ ਹਨ। ਇਸੇ ਲਈ ਹੁਣ ਤੱਕ ਕਿਸੇ ਨੇ ਵੀ ਉਸ ਵਿਰੁੱਧ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਹੈ। ਇਹ ਚੋਣ ਪੰਜਾਬ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਹੋ ਰਹੀ ਹੈ।
ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ। ਹੁਣ ਨਾਮਜ਼ਦਗੀ ਪੱਤਰਾਂ ਦੀ ਪੜਤਾਲ 1 ਜੂਨ ਨੂੰ ਹੋਵੇਗੀ। ਉਸ ਤੋਂ ਬਾਅਦ ਜੇਕਰ ਲੋੜ ਪਈ ਤਾਂ 10 ਜੂਨ ਨੂੰ ਵੋਟਾਂ ਪੈਣਗੀਆਂ। ਹਾਲਾਂਕਿ ਇਨ੍ਹਾਂ ਸੀਟਾਂ ਤੋਂ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ। ਇਸ ਲਈ ਸੰਤ ਸੀਚੇਵਾਲ ਤੇ ਸਾਹਨੀ ਨੂੰ ਜੇਤੂ ਐਲਾਨਿਆ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਵਿੱਚ ਰਾਜ ਸਭਾ ਦੀਆਂ 5 ਸੀਟਾਂ ਵੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ। ਇਨ੍ਹਾਂ ਵਿੱਚ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਨੂੰ ‘ਆਪ’ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ।
ਸੰਤ ਬਲਬੀਰ ਸੀਚੇਵਾਲ ਨੇ ਕਾਲੀ ਬੇਈ ਨਦੀ ਦੀ 160 ਕਿਲੋਮੀਟਰ ਦੀ ਸਫਾਈ ਕਰਵਾਈ ਸੀ। 40 ਪਿੰਡਾਂ ਦੇ ਲੋਕ ਇਸ ਨਦੀ ਵਿੱਚ ਕੂੜਾ ਸੁੱਟਦੇ ਸਨ। ਸੀਚੇਵਾਲ ਨੇ 2 ਹਜ਼ਾਰ ਵਰਕਰਾਂ ਨਾਲ ਇਸ ਦੀ ਸਫ਼ਾਈ ਕਰਵਾਈ। ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲ ਚੁੱਕਾ ਹੈ। ਉਨ੍ਹਾਂ ਨੂੰ ਵਾਤਾਵਰਨ ਹੀਰੋ ਆਫ਼ ਦਾ ਵਰਲਡ ਦਾ ਖਿਤਾਬ ਵੀ ਮਿਲ ਚੁੱਕਾ ਹੈ।ਇਸ ਤੋਂ ਇਲਾਵਾ ਕੇਂਦਰ ਤੋਂ ਕਈ ਐਵਾਰਡ ਵੀ ਮਿਲ ਚੁੱਕੇ ਹਨ।
ਪਿਛਲੀ ਵਾਰ ਵੀ ਹੋਇਆ ਸੀ ਵਿਵਾਦ
ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਨੂੰ ਲੈ ਕੇ ਵਿਵਾਦ ਹੋਇਆ ਸੀ। ਪੰਜਾਬ ਤੋਂ ਰਾਘਵ ਚੱਢਾ, ਡਾਕਟਰ ਸੰਦੀਪ ਪਾਠਕ ਨੂੰ ਰਾਜ ਸਭਾ ਭੇਜਣ 'ਤੇ ਵਿਰੋਧੀਆਂ ਨੇ ਸਵਾਲ ਚੁੱਕੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਲੁਧਿਆਣਾ ਦੇ ਕਾਰੋਬਾਰੀ ਸੰਜੀਵ ਅਰੋੜਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਅਸ਼ੋਕ ਮਿੱਤਲ ਨੂੰ ਰਾਜ ਸਭਾ ਭੇਜਿਆ ਗਿਆ ਹੈ। ਇਸ ਲਈ ਇਸ ਵਾਰ ਕੁਝ ਚੰਗੇ ਚਿਹਰਿਆਂ ਨੂੰ ਰਾਜ ਸਭਾ ਵਿੱਚ ਭੇਜ ਕੇ ਆਮ ਆਦਮੀ ਪਾਰਟੀ ਸੰਗਰੂਰ ਉਪ ਚੋਣ ਤੋਂ ਪਹਿਲਾਂ ਸਥਿਤੀ ਨੂੰ ਸੰਭਾਲਣਾ ਚਾਹੁੰਦੀ ਹੈ।