(Source: ECI/ABP News/ABP Majha)
Patiala News : ਪਟਿਆਲਾ 'ਚ ਭਾਰੀ ਮੀਂਹ ਕਾਰਨ ਹਾਦਸਾ, ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ
ਪੰਜਾਬ ਦੇ ਪਟਿਆਲਾ ਵਿੱਚ ਭਾਰੀ ਮੀਂਹ ਤੋਂ ਬਾਅਦ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਪਟਿਆਲਾ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।
Patiala Roof Collapse News : ਪੰਜਾਬ ਦੇ ਪਟਿਆਲਾ ਵਿੱਚ ਭਾਰੀ ਮੀਂਹ ਤੋਂ ਬਾਅਦ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਪਟਿਆਲਾ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ 15 ਸਾਲਾ ਲੜਕਾ ਵੀ ਜ਼ਖਮੀ ਹੋ ਗਿਆ ਹੈ, ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇੱਕ ਸਕੂਲ ਵਿੱਚ ਦਰੱਖਤ ਡਿੱਗ ਗਿਆ ਸੀ ,ਜਿਸ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਸੀ। ਪੰਜਾਬ 'ਚ ਜਿੱਥੇ ਮੀਂਹ ਗਰਮੀ ਤੋਂ ਰਾਹਤ ਦੇ ਰਿਹਾ ਹੈ, ਉੱਥੇ ਹੀ ਮੀਂਹ ਕੁਝ ਲੋਕਾਂ ਲਈ ਆਫ਼ਤ ਬਣ ਕੇ ਆ ਰਿਹਾ ਹੈ।
ਪਟਿਆਲਾ ਨੇੜੇ ਭਾਰੀ ਮੀਂਹ ਕਾਰਨ ਛੱਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਪਛਾਣ ਰਾਜੂ (42), ਪਤਨੀ ਸੁਨੀਤਾ (36), ਪੁੱਤਰ ਅਮਨ (18) ਅਤੇ ਬੇਟੀ ਊਸ਼ਾ (11) ਵਜੋਂ ਹੋਈ ਹੈ। ਇਸ ਤੋਂ ਇਲਾਵਾ ਛੱਤ ਡਿੱਗਣ ਕਾਰਨ ਇਸ ਹਾਦਸੇ ਵਿੱਚ ਰਾਜੂ ਦਾ ਦੂਸਰਾ ਪੁੱਤਰ ਵਿਕਾਸ (15) ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਪਾਤੜਾਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਰਿਵਾਰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਕਸਬਾ ਸੰਧਵਾਂ ਦਾ ਰਹਿਣ ਵਾਲਾ ਸੀ, ਜੋ ਪਿਛਲੇ ਇੱਕ ਸਾਲ ਤੋਂ ਜਾਖਲ ਰੋਡ ’ਤੇ ਸਥਿਤ ਐਸਬੀਆਈ ਬੈਂਕ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ।