#JusticeForMandeepKaur ਨਾਲ ਲੋਕਾਂ ਕਰ ਰਹੇ ਇਨਸਾਫ਼ ਦੀ ਮੰਗ, ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਬੋਲੇ ਪੀੜਤ ਸਣੇ ਬੱਚਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ
ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਖੁਦਕੁਸ਼ੀ ਕਰ ਲਈ। ਮਹਿਲਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਖੁਦਕੁਸ਼ੀ ਕਰ ਲਈ। ਮਹਿਲਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ 'ਤੇ #JusticeForMandeepKaur ਨਾਲ ਮੁਹਿੰਮ ਵੀ ਸ਼ੁਰੂ ਹੋ ਗਈ। ਇਸ ਮਾਮਲੇ 'ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀ ਟਵੀਟ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।
ਫੌਜਾ ਸਿੰਘ ਨੇ ਟਵੀਟ ਕੀਤਾ, " ਜੱਗ ਜਨਨੀ ਰੱਬ ਦਾ ਰੂਪ ਹੁੰਦੀ ਹੈ, ਇੱਕ ਮਾਂ, ਭੈਣ, ਧੀ, ਦੋਸਤ ਅਤੇ ਹਮਸਫ਼ਰ ਸਾਰੇ ਰਿਸ਼ਤਿਆਂ ਨੂੰ ਔਰਤ ਬਾਖ਼ੂਬੀ ਸਮਝਦੀ ਅਤੇ ਨਿਭਾਉਂਦੀ ਹੈ। ਅਜੋਕੇ ਸਮਾਜ ‘ਚ ਅਜਿਹੇ ਵਰਤਾਰੇ ਘੋਰ ਨਿੰਦਣਯੋਗ ਅਤੇ ਅਸਹਿਣਯੋਗ ਨੇ। ਪੀੜਤ ਸਮੇਤ ਉਹਨਾਂ ਬੱਚੀਆਂ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਬੇਹੱਦ ਨਿੱਕੀ ਉਮਰੇ ਇੱਕ ਮਾਂ ਨੂੰ ਖੋਹਿਆ ਹੈ।"
ਪਰਿਵਾਰ ਮੁਤਾਬਕ ਮਨਦੀਪ ਦੀ ਮੌਤ ਦਾ ਕਾਰਨ ਘਰੇਲੂ ਹਿੰਸਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਕਾਰਨ ਭਾਰਤ ਸਮੇਤ ਅਮਰੀਕਾ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉਹ ਨਿਊਯਾਰਕ ਵਿਚ ਆਪਣੇ ਘਰ ਦੇ ਪੱਖੇ ਨਾਲ ਲਟਕਦੀ ਮਿਲੀ, ਜਿੱਥੇ ਉਹ ਰਹਿੰਦੀ ਸੀ। ਬਿਜਨੌਰ 'ਚ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਹੁਣ ਉਸ ਦੇ ਵਿਆਹ ਦੀ ਐਲਬਮ 'ਚ ਤਸਵੀਰਾਂ ਦੇਖ ਕੇ ਆਪਣੀ ਬੇਟੀ ਨੂੰ ਯਾਦ ਕਰ ਰਹੇ ਹਨ।
ਮਨਦੀਪ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਵਿਆਹ ਤੋਂ ਬਾਅਦ ਨਿਊਯਾਰਕ ਗਈ ਸੀ ਪਰ ਉਸ ਦੇ ਪਤੀ ਵੱਲੋਂ ਉਸ ਨੂੰ ਕਥਿਤ ਤੌਰ 'ਤੇ ਤੰਗ ਕੀਤਾ ਜਾ ਰਿਹਾ ਸੀ। ਮਨਦੀਪ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਹੈ ,ਜਿਸ ਵਿੱਚ ਉਹ ਆਪਣੇ ਸਹੁਰਿਆਂ 'ਤੇ ਦਾਜ ਲਈ ਇਲਜ਼ਾਮ ਲਗਾਉਂਦੀ ਨਜ਼ਰ ਆ ਰਹੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਨੈੱਟ 'ਤੇ ਇਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਪੀੜਤਾ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਜਾ ਰਹੀ ਹੈ।
2015 ਵਿੱਚ ਹੋਇਆ ਸੀ ਮਨਦੀਪ ਦਾ ਵਿਆਹ
ਇਸ ਸਬੰਧੀ ਪੀੜਤ ਦੀ ਭੈਣ ਕੁਲਦੀਪ ਕੌਰ ਨੇ ਦੱਸਿਆ ਕਿ ਮੇਰੀ ਭੈਣ ਦਾ ਵਿਆਹ ਫਰਵਰੀ 2015 ਵਿੱਚ ਹੋਇਆ ਸੀ। ਜਲਦੀ ਹੀ ਉਹ ਨਿਊਯਾਰਕ ਚਲੀ ਗਈ ਅਤੇ ਉਸ ਦੇ ਪਤੀ ਰਣਜੋਤਵੀਰ ਸਿੰਘ ਸੰਧੂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕੁਲਦੀਪ ਨੇ ਦੱਸਿਆ ਕਿ ਰਣਜੋਤ ਨੂੰ ਇਕ ਬੇਟਾ ਚਾਹੀਦਾ ਸੀ ਅਤੇ ਦਾਜ 'ਚ 50 ਲੱਖ ਰੁਪਏ ਚਾਹੀਦੇ ਸਨ। ਦੱਸ ਦਈਏ ਕਿ ਬਿਜਨੌਰ ਦੇ ਨਜੀਬਾਬਾਦ ਪੁਲਿਸ ਸਟੇਸ਼ਨ 'ਚ ਪਤੀ ਅਤੇ ਸੱਸ-ਸਹੁਰੇ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ, ਘਰੇਲੂ ਹਿੰਸਾ, ਜ਼ਖਮੀ ਕਰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿਊਯਾਰਕ 'ਚ ਵੀ ਇਸ ਸਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਸੀ ਵੀਡੀਓ
ਸੋਸ਼ਲ ਮੀਡੀਆ 'ਤੇ ਇਕ ਉਪਭੋਗਤਾ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿਚ ਮਨਦੀਪ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਬਾਰੇ ਦੱਸਦੇ ਸੁਣਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਉਸ ਨੇ 8 ਸਾਲ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਇਕ ਦਿਨ ਸਭ ਠੀਕ ਹੋ ਜਾਵੇਗਾ। ਉਸ ਨੇ ਆਪਣੇ ਪਤੀ 'ਤੇ ਵਿਆਹ ਤੋਂ ਬਾਹਰਲੇ ਸਬੰਧ ਰੱਖਣ ਅਤੇ ਨਸ਼ੇ ਦੀ ਹਾਲਤ 'ਚ ਰੋਜ਼ਾਨਾ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੂਰੇ ਵੀਡੀਓ 'ਚ ਉਸ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ।