ਪੜਚੋਲ ਕਰੋ
Advertisement
SYL ਦਾ ਵਿਰੋਧ ਕਰਨ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗੇਗੀ ਤਸਵੀਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਲਈ ਐਸਵਾਈਐਲ ਦਾ ਵਿਰੋਧ ਕਰਨ ਵਾਲੇ ਸਿੱਖ ਸੰਘਰਸ਼ੀ ਯੋਧੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫੈਸਲਾ ਕੀਤਾ ਹੈ।
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਲਈ ਐਸਵਾਈਐਲ ਦਾ ਵਿਰੋਧ ਕਰਨ ਵਾਲੇ ਸਿੱਖ ਸੰਘਰਸ਼ੀ ਯੋਧੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਵਰਗੀ ਪ੍ਰਿੰ: ਸੁਰਿੰਦਰ ਸਿੰਘ ਅਤੇ ਸਾਬਕਾ ਮੈਂਬਰ ਸ. ਹਰਿੰਦਰ ਸਿੰਘ ਰਣੀਆ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਹੋਵੇਗੀ। ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਸ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਵੀ ਲਏ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਲੰਘੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਗੁਰਬਾਣੀ ਆਧਾਰਤ ਐਪਸ ਵਿਚ ਗੁਰਬਾਣੀ ਦੀਆਂ ਤਰੁੱਟੀਆਂ ਦਾ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ, ਜਿਸ ਤਹਿਤ ਗਠਤ ਕੀਤੀ ਗਈ ਸਬ-ਕਮੇਟੀ ਦੀ ਰਿਪੋਰਟ ਵਿਚ ਇਸ ਦੀ ਪੁਸ਼ਟੀ ਹੋਈ ਹੈ। ਅਜਿਹੀਆਂ ਐਪਸ ਨੂੰ ਬੰਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਜਲਦ ਹੀ ਸਿੰਘ ਸਾਹਿਬਾਨ ਦੀ ਨਿਗਰਾਨੀ ਹੇਠ ਨਿਤਨੇਮ, ਸੁੰਦਰ ਗੁਟਕਾ ਸਾਹਿਬ ਸਮੇਤ ਹੋਰ ਪਾਵਨ ਗੁਰਬਾਣੀ ਦਾ ਮਿਲਾਣ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਖੁਦ ਐਪ ਤਿਆਰ ਕੀਤੀ ਜਾਵੇਗੀ। ਇਸ ਵਿਚ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਦੀ ਜਾਣਕਾਰੀ ਵੀ ਹੋਵੇਗੀ। ਜੇਕਰ ਕੋਈ ਹੋਰ ਵੀ ਨਿੱਜੀ ਐਪ ਲਈ ਪ੍ਰਵਾਨਗੀ ਮੰਗੇਗਾ ਤਾਂ ਨਿਯਮਾਂ ਅਨੁਸਾਰ ਉਸ ਨੂੰ ਡਾਟਾ ਮੁਹੱਈਆ ਕਰਵਾਇਆ ਜਾਵੇਗਾ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਰਾਹੀਂ ਪੁਰਾਤਨ ਰਵਾਇਤ ਅਨੁਸਾਰ ਸਾਲਾਨਾ ਇਤਿਹਾਸਕ ਕਾਨਫਰੰਸ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਤਹਿਤ ਪਹਿਲੀ ਕਾਨਫਰੰਸ ਸਾਕਾ ਸ੍ਰੀ ਪੰਜਾ ਸਾਹਿਬ ਅਤੇ ਗੁਰੂ ਕਾ ਬਾਗ ਮੋਰਚੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਤਾਬਦੀਆਂ ਸਬੰਧੀ ਵਿਸ਼ਾਲ ਗੁਰਮਤਿ ਸਮਾਗਮਾਂ ਅਤੇ ਸੈਮੀਨਾਰਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਟ੍ਰੇਲੀਆ ਤੋਂ ਪੁੱਜੀ ਮੰਗ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 220 ਪਾਵਨ ਸਰੂਪ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਤੋਂ ਗੁਰੂ ਨਾਨਕ ਦਰਬਾਰ ਵਿਕਟੋਰੀਆ ਦੀਆਂ ਸੰਗਤਾਂ ਨੇ ਇਹ ਮੰਗ ਕੀਤੀ ਹੈ ਜਿਸ ਅਨੁਸਾਰ ਚਾਰਟਰਡ ਜਹਾਜ਼ ਰਾਹੀਂ ਸਿੱਖ ਮਰਯਾਦਾ ਅਨੁਸਾਰ ਪਾਵਨ ਸਰੂਪ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰਿਆਣਾ ਦੇ ਸਢੌਰਾ ’ਚ ਪੀਰ ਬੁੱਧੂ ਸ਼ਾਹ ਦੀ ਇਤਿਹਾਸਕ ਹਵੇਲੀ ਨੂੰ ਵੀ ਸੰਭਾਲਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੂੰ ਬਰਬਾਦ ਕਰਕੇ ਇੰਡਸਟ੍ਰੀਅਲ ਪਾਰਕ ਬਣਾਉਣ ਦੇ ਫੈਸਲੇ ਦੀ ਵੀ ਸਖ਼ਤ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਇਸ ਦੀ ਸਖ਼ਤ ਵਿਰੋਧਤਾ ਕੀਤੀ ਹੈ ਅਤੇ ਪੰਜਾਬ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਮੌਜੂਦਾ ਸਮੇਂ ਦੀ ਵੱਡੀ ਲੋੜ ਹੈ, ਜਿਸ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵਾਤਾਵਰਣ ਮੁਹਿੰਮ ਅੱਗੇ ਤੋਰੇਗੀ। ਇਸ ਤਹਿਤ ਇਤਿਹਾਸਕ ਗੁਰਦੁਆਰਿਆਂ ਵਿਚ ਜੰਗਲ ਲਗਾਏ ਜਾ ਰਹੇ ਹਨ, ਜਿਸ ਨੂੰ ਹਰ ਗੁਰਦੁਆਰਾ ਸਾਹਿਬ ਅੰਦਰ 1-1 ਏਕੜ ਦਾ ਬਾਗ ਲਗਾਉਣ ਤੱਕ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੀ ਵੀ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਨੂੰ ਆਪਣੀ ਮਨਸ਼ਾ ਸਾਫ ਕਰਨ ਲਈ ਆਖਿਆ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੈਨੇਡਾ ਅੰਦਰ ਨਿੱਜੀ ਸੁਰੱਖਿਆ ਗਾਰਡਾਂ ਦੀ ਡਿਊਟੀ ਲਈ ਦਾਹੜੀ ਕਟਾਉਣ ਦੇ ਹੁਕਮ ਨੂੰ ਵੀ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਭਾਵੇਂ ਕੈਨੇਡਾ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ, ਪਰੰਤੂ ਫਿਰ ਵੀ ਸ਼੍ਰੋਮਣੀ ਕਮੇਟੀ ਦੀ ਵਿਦੇਸ਼ਾਂ ਦੀ ਸਰਕਾਰਾਂ ਨੂੰ ਅਪੀਲ ਹੈ ਕਿ ਉਹ ਅੱਗੇ ਤੋਂ ਕਿਸੇ ਵੀ ਫੈਸਲੇ ਮੌਕੇ ਹਰ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣ। ਉਨ੍ਹਾਂ ਆਸਟ੍ਰੇਲੀਆ ’ਚ ਪੰਜਾਬੀ ਨੂੰ ਪਹਿਲੀਆਂ ਛੇ ਭਾਸ਼ਾਵਾਂ ਵਿਚ ਸ਼ਾਮਲ ਕਰਨ ਦਾ ਵੀ ਸਵਾਗਤ ਕੀਤਾ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਅਫਗਾਨਿਸਤਾਨ ਦੇ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰ: ਸੁਰਿੰਦਰ ਸਿੰਘ ਦੇ ਅਕਾਲ ਚਲਾਣਾ ’ਤੇ ਸ਼ੋਕ ਮਤੇ ਵੀ ਪੜ੍ਹੇ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement