ਗੁਲਾਬੀ ਸੁੰਡੀ: ਚੰਨੀ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ, 'ਆਪ' ਵੱਲੋਂ ਕੋਝਾ ਮਜ਼ਾਕ ਕਰਾਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਲਈ ਚੰਨੀ ਸਰਕਾਰ ਵੱਲੋਂ ਐਲਾਨੇ ਗਏ ਮੁਆਵਜ਼ੇ ਦੀ ਮਾਮੂਲੀ ਰਾਸ਼ੀ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਲਈ ਚੰਨੀ ਸਰਕਾਰ ਵੱਲੋਂ ਐਲਾਨੇ ਗਏ ਮੁਆਵਜ਼ੇ ਦੀ ਮਾਮੂਲੀ ਰਾਸ਼ੀ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਆਪ ਨੇ ਕਾਂਗਰਸ ਸਰਕਾਰ ਦੇ ਇਸ ਐਲਾਨ ਨੂੰ ਨਰਮਾ ਉਤਪਾਦਕ ਕਿਸਾਨਾਂ ਅਤੇ ਖੇਤ ਮਜ਼ਦੂਰ ਨਾਲ ਕੋਝਾ ਮਜ਼ਾਕ ਦੱਸਿਆ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਫਸਲਾਂ ਦੇ ਖਰਾਬੇ ਨੂੰ ਮਾਪਣ ਲਈ ਵਰਤੇ ਜਾਂਦੇ ਸਰਕਾਰੀ ਮਾਪ-ਦੰਡਾਂ ਉਪਰ ਵੀ ਸਵਾਲ ਉਠਾਏ ਹਨ।
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਾਲਵਾ ਖੇਤਰ ਵਿਚ ਗੁਲਾਬੀ ਸੁੰਡੀ ਦੇ ਭਿਆਨਕ ਹਮਲੇ ਨੇ ਨਰਮਾ ਉਤਪਾਦਕ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਆਰਥਿਕ ਤੌਰ ਉੱਤੇ ਵੱਡੀ ਸੱਟ ਮਾਰੀ ਹੈ। ਜੇਕਰ ਸਰਕਾਰਾਂ ਨੇ ਅੰਨਦਾਤਾ ਪ੍ਰਤੀ ਆਪਣਾ ਮਾਰੂ ਰਵੱਈਆ ਨਾ ਬਦਲਿਆ ਤਾਂ ਅਗਲੇ ਕਈ ਸਾਲ ਨਰਮਾ ਬੈਲਟ ਆਰਥਿਕ ਸੰਕਟ ਵਿੱਚੋਂ ਉੱਭਰ ਨਹੀਂ ਸਕੇਗੀ। ਨਤੀਜੇ ਵਜੋਂ ਕਿਸਾਨਾਂ ਖੇਤ-ਮਜ਼ਦੂਰਾਂ 'ਚ ਖ਼ੁਦਕੁਸ਼ੀਆਂ ਦਾ ਮਾੜਾ ਰੁਝਾਨ ਵਧੇਗਾ, ਜਿਸ ਲਈ ਸੂਬੇ ਦੀ ਕਾਂਗਰਸ ਅਤੇ ਕੇਂਦਰ ਦੀ ਭਾਜਪਾ ਸਰਕਾਰ ਸਿੱਧੇ ਤੌਰ 'ਤੇ ਜਿੰਮੇਵਾਰ ਹੋਵੇਗੀ।
ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਿਤ ਹੁੰਦਿਆਂ ਕਿਹਾ, " ਚੰਨੀ ਜੀ, ਜਿਸ ਫੁਰਤੀ ਨਾਲ ਤੁਸੀਂ ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੇ ਖੇਤਾਂ ਵਿਚ ਗਏ ਸੀ ਅਤੇ ਤਬਾਹੀ ਦਾ ਮੰਜ਼ਰ ਅੱਖੀਂ ਵੇਖਿਆ ਸੀ। ਨਰਮਾ ਉਤਪਾਦਕ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਦਰਦ ਭਰੀਆਂ ਗੁਹਾਰਾ ਸੁਣੀਆਂ ਸਨ। ਉਨ੍ਹਾਂ ਨੂੰ ਧਰਵਾਸ ਦਿੱਤਾ ਸੀ। ਪ੍ਰਭਾਵਿਤ ਕਿਸਾਨ ਦੇ ਘਰ ਸਾਦੇ ਢੰਗ ਨਾਲ ਰੋਟੀ ਵੀ ਖਾਧੀ ਸੀ। ਰਸਤੇ ਵਿੱਚ ਗੱਡੀ ਰੋਕ ਕੇ ਇਕ ਨਵ-ਵਿਆਹੁਤਾ ਜੋੜੇ ਨੂੰ ਅਸ਼ੀਰਵਾਦ ਵੀ ਦਿੱਤਾ ਸੀ। ਲਗਦਾ ਸੀ ਕਿ ਤੁਸੀਂ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਫੜ ਲਈ ਹੈ।"
ਸੰਧਵਾਂ ਨੇ ਕਿਹਾ, "ਤੁਸੀਂ ਚੰਡੀਗੜ੍ਹ ਆਉਣ ਸਾਰ ਫਸਲ ਦੇ ਨੁਕਸਾਨ ਦਾ ਸੌ ਫ਼ੀਸਦੀ ਮੁਆਵਜ਼ਾ ਤੁਰੰਤ ਜਾਰੀ ਕਰ ਦੇਵੋਗੇ। ਖੇਤ ਮਜ਼ਦੂਰਾਂ ਦੀਆਂ ਉਮੀਦਾਂ ਉੱਪਰ ਵੀ ਪੂਰਾ ਉਤਰੋਗੇ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਵੀ ਅੰਨਦਾਤਾ ਪ੍ਰਤੀ ਨਰਿੰਦਰ ਮੋਦੀ ਜਿੰਨੇ ਨਿਰਮੋਹੇ ਅਤੇ ਸਿਰੇ ਦੇ ਡਰਾਮੇਬਾਜ਼ ਸਾਬਤ ਹੋਏ। ਨਰਮੇ ਦੇ ਨੁਕਸਾਨ ਬਾਰੇ ਮਾਮੂਲੀ ਮੁਆਵਜ਼ੇ ਦੇ ਤਾਜ਼ਾ ਐਲਾਨ ਨੇ ਤੁਹਾਡੀ ਡਰਾਮੇਬਾਜ਼ੀ ਅਤੇ ਦਿਖਾਵੇਬਾਜ਼ੀ ਨੂੰ ਨੰਗਾ ਕਰ ਦਿੱਤਾ ਹੈ। ਤੁਸੀਂ ਆਮ ਆਦਮੀ ਦਾ ਮਖੌਟਾ ਪਾ ਕੇ ਆਮ ਲੋਕਾਂ ਦੀਆਂ ਪਿੱਠ ਵਿਚ ਛੁਰਾ ਮਾਰ ਰਹੇ ਹੋ।"
ਉਨ੍ਹਾਂ ਅੱਗੇ ਕਿਹਾ ਕਿ, "ਇਸ ਸ਼ਰਮਨਾਕ ਗੁਨਾਹ ਲਈ ਅੰਨਦਾਤਾ ਅਤੇ ਪੰਜਾਬ ਦੀ ਜਨਤਾ ਤੁਹਾਨੂੰ ਕਦੇ ਮੁਆਫ ਨਹੀਂ ਕਰੇਗੀ।ਇਸ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪੰਜਾਬ ਫੇਰੀ ਦੌਰਾਨ ਤੁਹਾਡੇ (ਚੰਨੀ) ਬਾਰੇ ਸਹੀ ਹੀ ਬੋਲ ਕੇ ਗਏ ਹਨ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਨਕਲ ਜ਼ਰੂਰ ਕਰ ਸਕਦੇ ਹੋ ਪਰ ਅਮਲਾਂ ਉੱਤੇ ਖ਼ਰੇ ਨਹੀਂ ਉਤਰ ਸਕਦੇ। "