ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਪੁਲਿਸ ਨੇ ਖੰਗਾਲੇ ਸੀਸੀਟੀਵੀ ਕੈਮਰੇ, ਮਿਲੇ ਕਈ ਠੋਸ ਸੁਰਾਗ
ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ 'ਚ ਦੋ ਹਫ਼ਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਠੋਸ ਸੁਰਾਗ ਮਿਲੇ ਹਨ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ 'ਚ ਦੋ ਹਫ਼ਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਠੋਸ ਸੁਰਾਗ ਮਿਲੇ ਹਨ।ਪੁਲਿਸ ਦੀ ਜਾਂਚ ਹੁਣ ਪੰਜਾਬ ਦੇ ਵੱਡੇ ਮਹਾਨਗਰ ਤਕ ਪਾਹੁੰਚ ਗਈ ਹੈ। ਤਰਨਤਾਰਨ ਦੇ SSP ਧਰੁੰਮਨ ਨਿੰਭਾਲੇ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਪੰਜਾਬ 'ਚ ਵੱਡੇ ਪੱਧਰ ਤੇ ਸੀਸੀਟੀਵੀ ਖੰਗਾਲੇ ਹਨ ਤੇ ਇਸ ਤੋਂ ਕੇਸ 'ਚ ਮਹੱਤਵਪੂਰਣ ਸੁਰਾਗ ਪੁਲਿਸ ਹੱਥ ਲੱਗੇ ਹਨ।
ਨਿੰਭਾਲੇ ਨੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਵਾਰਦਾਤ 'ਚ ਵਰਤੇ ਮੋਟਰਸਾਈਕਲ ਤੋਂ ਵੀ ਅਹਿਮ ਸੁਰਾਗ ਮਿਲੇ ਹਨ।ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸੁਰਾਗਾਂ ਦੀ ਮਦਦ ਨਾਲ ਪੁਲਿਸ ਕੇਸ ਨੂੰ ਛੇਤੀ ਸੁਲਝਾ ਲਵੇਗੀ। SSP ਮੁਤਾਬਿਕ ਪੁਲਿਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੰਬਰ ਪਲੇਟ ਮੋਟਰਸਾਇਕਲ ਤੇ ਲੱਗੀ ਸੀ ਉਸ ਨੰਬਰ ਦਾ ਕੋਈ ਪਲਸਰ ਮੋਟਰਸਾਈਕਲ ਹੀ ਰਜਿਸਟਰਡ ਨਹੀਂ ਹੈ।
ਧਰੁੰਮਨ ਨਿੰਭਾਲੇ ਨੇ ਦੱਸਿਆ ਕਿ ਪਰਿਵਾਰ ਦੇ ਅੱਤਵਾਦੀ ਹਮਲੇ ਦੇ ਦੋਸ਼ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਤੇ ਵੀ ਜਾਂਚ ਜਾਰੀ ਹੈ। ਬਾਕੀ ਨਿੱਜੀ ਰੰਜਿਸ਼ ਦੇ ਮਾਮਲੇ ਅਤੇ ਪਰਿਵਾਰ ਦੀ ਰੰਜਿਸ਼ ਦੇ ਮਾਮਲੇ 'ਚ ਜਾਂਚ ਚੱਲ ਰਹੀ ਹੈ।SSP ਮੁਤਾਬਿਕ ਪਰਿਵਾਰ ਨੂੰ ਜ਼ਿਲ੍ਹੇ ਵੱਲੋਂ ਦੋ PSO ਤੇ ਇਕ ਪੀਏਪੀ ਦਾ ਮੁਲਾਜ਼ਮ ਸੁਰੱਖਿਆ ਦੇ ਵਜੋਂ ਦਿੱਤਾ ਗਿਆ ਹੈ। ਬਾਕੀ ਉਚ ਅਧਿਕਾਰੀ ਸੁਰੱਖਿਆ ਨੂੰ ਰਿਵਿਊ ਕਰਨਗੇ ਤੇ ਉਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਜੇ ਹੋਰ ਸੁਰੱਖਿਆ ਦੇ ਹੁਕਮ ਹੋਏ ਤਾਂ ਦੇ ਦਿੱਤੀ ਜਾਵੇਗੀ।
ਦੂਜੇ ਪਾਸੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ ਪੁਲਿਸ ਇਸ ਕਤਲ ਕਾਂਡ 'ਚ ਨਾਮਵਰ ਗੈਂਗਸਟਰ ਜੱਗੂ ਭਗਵਾਨਪੁਰੀਆਂ, ਜੋ ਤਰਨਤਾਰਨ ਪੁਲਿਸ ਕੋਲ ਚਾਰ ਦਿਨਾਂ ਪ੍ਰੋਡਕਸ਼ਨ ਵਾਰੰਟ ਤੇ ਹੈ, ਕੋਲੋਂ ਪੁੱਛਗਿੱਛ ਕਰ ਸਕਦੀ ਹੈ, ਕਿਉਂਕਿ ਪੁਲਿਸ ਨੂੰ ਕੁਝ ਲੀਡ ਇਸ ਪਾਸੇ ਵੀ ਮਿਲੀਆਂ ਹਨ।ਪਰ ਤਰਨਤਾਰਨ ਦੇ ਪੁਲਿਸ SSP ਮੁਤਾਬਿਕ ਫਿਲਹਾਲ ਜੱਗੂ ਭਗਵਾਨਪੁਰੀਆ ਕੋਲੋਂ 2016 'ਚ ਹੋਈ ਗੈਂਗਵਾਰ ਦੇ ਮਾਮਲੇ 'ਚ ਹੀ ਪੁੱਛਗਿੱਛ ਕਰ ਰਹੀ ਹੈ ਤੇ ਜੇਕਰ ਸਮਾਂ ਲੱਗਾ ਤਾਂ ਇਸ ਮਾਮਲੇ 'ਚ ਪੁਲਿਸ ਉਸ ਕੋਲੋਂ ਪੁੱਛਗਿੱਛ ਕਰੇਗੀ। ਹਾਲਾਂਕਿ SSP ਨੇ ਜੱਗੂ ਕੋਲੋਂ ਇਸ ਮਾਮਲੇ ਤੇ ਪੁੱਛਗਿੱਛ ਨਾ ਕਰਨ ਦੀ ਸੰਭਾਵਨਾ ਨੂੰ ਮੁੱਢੋ ਰੱਦ ਨਹੀਂ ਕੀਤਾ।