Punjab Breaking News LIVE : ਕੈਲੀਫੋਰਨੀਆ 'ਚ ਗ੍ਰਿਫਤਾਰ 17 ਸਿੱਖਾਂ 'ਚ ਗੈਂਗਸਟਰ ਪਵਿੱਤਰ ਵੀ ਸ਼ਾਮਲ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਵੀਡੀਓ ਸਾਹਮਣੇ
Punjab Breaking News LIVE : ਕੈਲੀਫੋਰਨੀਆ 'ਚ ਗ੍ਰਿਫਤਾਰ 17 ਸਿੱਖਾਂ 'ਚ ਗੈਂਗਸਟਰ ਪਵਿੱਤਰ ਵੀ ਸ਼ਾਮਲ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਮੂਸੇਵਾਲਾ ਦੇ ਮਾਪਿਆਂ ਨੇ ਕੀਤੀ ਜਾਂਚ ਦੀ ਮੰਗ
Background
Punjab Breaking News LIVE Updates : ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਵਿਵਾਦ ਵਿੱਚ ਘਿਰ ਗਏ ਹਨ। ਦੋਵਾਂ ਗਾਇਕਾਂ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਫੋਟੋ ਵਾਇਰਲ ਹੋ ਰਹੀ ਹੈ। ਇਹ ਫੋਟੇ ਅਮਰੀਕਾ ਦੇ ਬੇਕਰਸਫੀਲਡ, ਕੈਲੀਫੋਰਨੀਆ ਵਿੱਚ ਇੱਕ ਵਿਆਹ ਸਮਾਰੋਹ ਦੀ ਦੱਸੀ ਜਾ ਰਹੀ ਹੈ। 16 ਅਪਰੈਲ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਅਮਨ ਬਿਸ਼ਨੋਈ ਦੋਵੇਂ ਗਾਇਕਾਂ ਵੱਲੋਂ ਪੇਸ਼ਕਾਰੀਆਂ ਦਿੱਤੇ ਜਾਣ ਮੌਕੇ ਸਟੇਜ ’ਤੇ ਉਨ੍ਹਾਂ ਨਾਲ ਸੈਲਫ਼ੀਆਂ ਲੈਂਦਾ ਦਿਖਾਈ ਦੇ ਰਿਹਾ ਹੈ।
ਬੇਸ਼ੱਕ ਗਾਇਕਾਂ ਨੇ ਅਨਮੋਲ ਬਿਸ਼ਨੋਈ ਦੀ ਮੌਜੂਦਗੀ ਬਾਰੇ ਅਗਿਆਨਤਾ ਪ੍ਰਗਟਾਈ ਹੈ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਸਮਾਗਮ ਦੇ ਪ੍ਰਬੰਧਕਾਂ ਬਾਰੇ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਮਾਗਮ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਸਾਥੀਆਂ ਤੇ ਸੰਪਰਕਾਂ ਬਾਰੇ ਜਾਂਚ ਕੀਤੀ ਜਾਵੇ।
ਉਧਰ, ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਸਮਾਗਮ ਵਿੱਚ ਅਨਮੋਲ ਬਿਸ਼ਨੋਈ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ। ਗਾਇਕਾਂ ਨੇ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਕਰਨ ਔਜਲਾ ਨੇ ਕਿਹਾ ਕਿ ਵਿਆਹ ਸਮਾਗਮ ਦੇ ਸ਼ੋਅ ਵਿੱਚ ਕੌਣ-ਕੌਣ ਸ਼ਾਮਲ ਹੁੰਦੇ ਹਨ, ਇਸ ਦਾ ਕਿਸੇ ਵੀ ਗਾਇਕ ਨੂੰ ਪਤਾ ਨਹੀਂ ਹੁੰਦਾ ਤੇ ਗਾਇਕਾਂ ਕੋਲ ਸਿਰਫ਼ ਪ੍ਰੋਗਰਾਮ ਬੁੱਕ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਹੀ ਹੁੰਦੀ ਹੈ।
ਕੈਲੀਫੋਰਨੀਆ 'ਚ ਗ੍ਰਿਫਤਾਰ 17 ਸਿੱਖਾਂ 'ਚ ਗੈਂਗਸਟਰ ਪਵਿੱਤਰ ਵੀ ਸ਼ਾਮਲ, ਹੁਣ ਪੰਜਾਬ ਲਿਆਏਗੀ ਪੁਲਿਸ
ਕੈਲੀਫੋਰਨੀਆ ਦੀ ਪੁਲਿਸ ਵੱਲੋਂ ਵੱਖ-ਵੱਖ ਹਿੰਸਕ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ 17 ਸਿੱਖ ਵਿਅਕਤੀਆਂ ’ਚ ਸ਼ਾਮਲ ਕਥਿਤ ਗੈਂਗਸਟਰ ਪਵਿੱਤਰ ਸਿੰਘ ਨੂੰ ਭਾਰਤ ਲਿਆਉਣ ਵਾਸਤੇ ਪੰਜਾਬ ਪੁਲਿਸ ਵੱਲੋਂ ਹਵਾਲਗੀ ਪ੍ਰਕਿਰਿਆ ਆਰੰਭੀ ਜਾਵੇਗੀ। ਇਸ ਦੀ ਪੁਸ਼ਟੀ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਅਜਿਹੇ ਵਿਅਕਤੀਆਂ ਦੇ ਅਪਰਾਧਕ ਰਿਕਾਰਡ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਦੀ ਹਵਾਲਗੀ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮਾਮਲਿਆਂ ਨੂੰ ਉੱਚ ਪੱਧਰ ’ਤੇ ਵਿਚਾਰਿਆ ਜਾ ਰਿਹਾ ਹੈ। ਕੈਲੀਫੋਰਨੀਆ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਬਟਾਲਾ ਦਾ ਹੁਸਨਦੀਪ ਵੀ ਸ਼ਾਮਲ ਹੈ। ਇਹ ਦੋਵੇਂ ਮੁਲਜ਼ਮ ਪੰਜਾਬ ਪੁਲਿਸ ਨੂੰ ਲੋੜੀਂਦੇ ਹਨ।
Punjab News : ਪੰਜਾਬ ਪੁਲਿਸ ਵੱਲੋਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਆਪ੍ਰੇਸ਼ਨ
Punjab News : ਸੂਬੇ ਭਰ ’ਚ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲੇ-ਦੁਆਲੇ ਚੌਕਸੀ ਨੂੰ ਹੋਰ ਪੁਖ਼ਤਾ ਕਰਦੇ ਹੋਏ ਪੰਜਾਬ ਪੁਲਿਸ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਜਿਹੇ ਅਦਾਰਿਆਂ ਦੇ ਆਲੇ-ਦੁਆਲੇ ਘੁੰਮਦੇ 3947 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਪੁਲਿਸ ਵੱਲੋਂ ਬੁੱਧਵਾਰ ਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲੇ ਦੁਆਲੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
Sangrur News : ਸੰਗਰੂਰ ਦੇ ਪਿੰਡ ਘਾਬਦਾਂ 'ਚ 2 ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਥੱਲੇ ਆਉਣ ਕਾਰਨ ਹੋਈ ਮੌਤ
Sangrur News : ਸੰਗਰੂਰ ਦੇ ਨਜ਼ਦੀਕੀ ਪਿੰਡ ਘਾਬਦਾਂ ਵਿੱਚ 2 ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਥੱਲੇ ਆ ਜਾਣ ਕਾਰਨ ਮੌਤ ਹੋ ਗਈ ਹੈ। ਛੋਟਾ ਬੱਚਾ ਘਰ ਵਿੱਚੋਂ ਖੇਡਦਾ -ਖੇਡਦਾ ਬਾਹਰ ਗਲੀ ਵਿਚ ਆ ਗਿਆ ਸੀ ਅਤੇ ਤੂੜੀ ਵਾਲੀ ਟਰਾਲੀ ਦੇ ਟਾਇਰ ਨੀਚੇ ਆ ਜਾਣ ਕਾਰਨ ਮੌਕੇ ਉੱਪਰ ਹੀ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ।





















