Punjab Congress: ਪੰਜਾਬ ਕਾਂਗਰਸ ਪ੍ਰਧਾਨ ਨੇ ਅਚਾਨਕ ਸੱਦੀ ਹਲਕਾ ਕੋਆਰਡੀਨੇਟਰਾਂ ਦੀ ਮੀਟਿੰਗ, 2027 ਚੋਣਾਂ ਲਈ ਰਣਨੀਤੀ ਕੀਤੀ ਜਾਏਗੀ ਤੈਅ
ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਦੇ ਸਾਰੇ ਹਲਕਾ ਕੋਆਰਡੀਨੇਟਰਾਂ ਦੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸਵੇਰੇ ਪੰਜਾਬ ਕਾਂਗਰਸ ਭਵਨ 'ਚ ਹੋਏਗੀ।

Punjab Congress Chief Calls Meeting: ਪੰਜਾਬ ਦੇ ਲੁਧਿਆਣਾ ਵੈਸਟ ਵਿੱਚ 19 ਜੂਨ ਨੂੰ ਹੋਣ ਵਾਲੀ ਜ਼ਿਮਣੀ ਚੋਣ ਅਤੇ ਰਾਹੁਲ ਗਾਂਧੀ ਦੇ ਚੰਡੀਗੜ੍ਹ ਦੌਰੇ ਤੋਂ ਠੀਕ ਪਹਿਲਾਂ, ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਦੇ ਸਾਰੇ ਹਲਕਾ ਕੋਆਰਡੀਨੇਟਰਾਂ ਦੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸਵੇਰੇ ਪੰਜਾਬ ਕਾਂਗਰਸ ਭਵਨ 'ਚ ਹੋਏਗੀ।
ਇਸ ਦੌਰਾਨ ਉਹ ਰਾਜ 'ਚ ਚੱਲ ਰਹੀ 'ਸੰਵਿਧਾਨ ਬਚਾਓ ਯਾਤਰਾ' ਅਤੇ ਹੋਰ ਹਾਲਾਤਾਂ ਬਾਰੇ ਫੀਡਬੈਕ ਲੈਣਗੇ ਅਤੇ ਆਉਣ ਵਾਲੇ ਦਿਨਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਕਿਵੇਂ ਘੇਰਨਾ ਹੈ, ਇਸ ਦੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ।
2027 ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਜੁਟੀ ਪੰਜਾਬ ਕਾਂਗਰਸ
ਪੰਜਾਬ ਕਾਂਗਰਸ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗ ਗਈ ਹੈ। ‘ਸੰਵਿਧਾਨ ਬਚਾਓ ਯਾਤਰਾ’ ਦੇ ਜ਼ਰੀਏ ਸਾਰੇ ਦਿੱਗਜ਼ ਆਗੂ ਹਲਕਿਆਂ ਵਿੱਚ ਜਾ ਕੇ ਜ਼ਮੀਨੀ ਹਕੀਕਤ ਨੂੰ ਸਮਝ ਰਹੇ ਹਨ। ਨਾਲ ਹੀ, ਪਾਰਟੀ ਛੱਡ ਚੁੱਕੇ ਆਗੂਆਂ ਦੀ ਵਾਪਸੀ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਇਸਦੇ ਨਾਲ-ਨਾਲ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਮੁਸ਼ਕਲ ਸਮੇਂ ਵਿੱਚ ਜੋ ਪਾਰਟੀ ਦੇ ਨਾਲ ਖੜੇ ਰਹੇ, ਜਿਨ੍ਹਾਂ ਆਪਣੇ ਖਿਲਾਫ ਪਰਚੇ ਦਰਜ ਕਰਵਾਏ ਹਨ, ਸਰਕਾਰ ਆਉਣ 'ਤੇ ਓਹਨਾਂ ਨੂੰ ਹੀ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ, ਲੁਧਿਆਣਾ ਉਪਚੋਣ ਤੋਂ ਪਹਿਲਾਂ ਸਾਰੇ ਸੀਨੀਅਰ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣ ਵਿੱਚ ਪਾਰਟੀ ਹਾਈਕਮਾਨ ਕਾਮਯਾਬ ਰਹੀ ਹੈ। ਇਸ ਮੌਕੇ ਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਮੌਜੂਦ ਸਨ।
2022 ਵਿੱਚ AAP ਨੇ 92 ਸੀਟਾਂ ਜਿੱਤੀਆਂ
2022 ਵਿੱਚ ਹੋਈ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 117 ਸੀਟਾਂ ਵਿੱਚੋਂ 92 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਸੀ, ਜਦਕਿ ਕਾਂਗਰਸ ਸਿਰਫ 18 ਸੀਟਾਂ ਤੱਕ ਸੀਮਿਤ ਰਹਿ ਗਈ ਸੀ। ਭਾਜਪਾ ਦੋ ਸੀਟਾਂ 'ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ। ਆਜ਼ਾਦ ਨੂੰ ਇੱਕ, ਬਸਪਾ ਨੂੰ ਇੱਕ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਸੀਟਾਂ ਮਿਲੀਆਂ ਸਨ।
ਹੁਣ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਕੋਲ 94 ਸੀਟਾਂ ਹਨ, ਅਕਾਲੀ ਦਲ ਕੋਲ 2, ਕਾਂਗਰਸ ਕੋਲ 16, ਭਾਜਪਾ ਕੋਲ 2, ਬਸਪਾ ਕੋਲ 1 ਅਤੇ ਆਜ਼ਾਦ ਕੋਲ 1 ਸੀਟ ਹੈ। ਇਕ ਸੀਟ ਤੇ ਹੁਣ ਵੀ ਚੋਣ ਹੋਣੀ ਬਾਕੀ ਹੈ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਬੰਗਾ ਦੇ ਵਿਧਾਇਕ ਡਾ. ਸੁਖਦੀਪ ਸਿੰਘ ਸੁਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ, ਹਾਲਾਂਕਿ ਅਜੇ ਤੱਕ ਉਹਨਾਂ ਨੂੰ ਪਾਰਟੀ ਤੋਂ ਨਹੀਂ ਕੱਢਿਆ ਗਿਆ।






















