Punjab News: ਪੰਜਾਬ ਸਰਕਾਰ ਵੱਲੋਂ ਮਾਈਨਿੰਗ ਤੋਂ ਰਿਕਾਰਡ 472 ਕਰੋੜ ਰੁਪਏ ਕਮਾਈ ਕਰਨ ਦਾ ਦਾਅਵਾ, ਮਾਲੀਆ ਘਟਣ ਬਾਰੇ ਮੀਡੀਆ ਰਿਪੋਰਟਾਂ ਰੱਦ
Punjab government: ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੀਡੀਆ ਦੇ ਇੱਕ ਹਿੱਸੇ ਵਿੱਚ ਮਾਲੀਆ ਘਟਣ ਬਾਰੇ ਆਈਆਂ ਰਿਪੋਰਟ ਨੂੰ ਬੇਬੁਨਿਆਦ, ਗੁੰਮਰਾਹਕੁੰਨ ਤੇ ਮਨਘੜਤ ਦੱਸਿਆ ਹੈ।
Punjab News: ਪੰਜਾਬ ਸਰਕਾਰ ਨੇ ਮਾਈਨਿੰਗ ਤੋਂ 472.50 ਕਰੋੜ ਰੁਪਏ ਦੀ ਰਿਕਾਰਡ ਕਮਾਈ ਕਰਨ ਦਾ ਦਾਅਵਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਰੇਤ ਤੇ ਬਜਰੀ ਦੇਣ ਦੇ ਬਾਵਜੂਦ ਕਮਾਈ ਵਿੱਚ ਵਾਧਾ ਹੋਇਆ ਹੈ। ਇਹ ਦਾਅਵਾ ਕਰਦਿਆਂ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੀਡੀਆ ਦੇ ਇੱਕ ਹਿੱਸੇ ਵਿੱਚ ਮਾਲੀਆ ਘਟਣ ਬਾਰੇ ਆਈਆਂ ਰਿਪੋਰਟ ਨੂੰ ਬੇਬੁਨਿਆਦ, ਗੁੰਮਰਾਹਕੁੰਨ ਤੇ ਮਨਘੜਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਿਪੋਰਟ ਵਿੱਚ ਦਰਸਾਏ ਗਏ ਮਾਲੀਏ ਦੇ ਅੰਕੜੇ ਸਿਰਫ਼ ਜਨਤਕ ਰੇਤ ਖੱਡਾਂ ਤੇ ਵਪਾਰਕ ਰੇਤ ਖੱਡਾਂ ਤੋਂ ਹੋਣ ਵਾਲੇ ਮਾਲੀਏ ਨੂੰ ਦਰਸਾਉਂਦੇ ਹਨ। ਇਸ ਵਿੱਚ ਹੋਰਨਾਂ ਪ੍ਰਮੁੱਖ ਸਰੋਤਾਂ ਤੋਂ ਹੋਣ ਵਾਲੇ ਮਾਲੀਏ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਜੌੜਾਮਾਜਰਾ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਰੇਤ ਤੇ ਬਜਰੀ ਦੇਣ ਦੇ ਬਾਵਜੂਦ ਪਿਛਲੇ ਦੋ ਵਿੱਤੀ ਸਾਲਾਂ ਦੌਰਾਨ ਕੁੱਲ 472.50 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਵਿਭਾਗ ਨੇ ਵੱਖ-ਵੱਖ ਸਰੋਤਾਂ ਤੋਂ ਬੀਤੇ ਵਿੱਤੀ ਵਰ੍ਹੇ 2022-23 ਦੌਰਾਨ ਕੁੱਲ 247 ਕਰੋੜ ਰੁਪਏ ਜੁਟਾਏ ਤੇ ਮੌਜੂਦਾ ਵਿੱਤੀ ਵਰ੍ਹੇ 2023-24 ਦੌਰਾਨ 2 ਜਨਵਰੀ, 2024 ਤੱਕ 225.50 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਜਨਤਕ ਰੇਤ ਖੱਡਾਂ (ਪੀਐਮਐਸ) ਤੋਂ 13.5 ਕਰੋੜ ਰੁਪਏ, ਵਪਾਰਕ ਰੇਤ ਖੱਡਾਂ (ਸੀਐਮਐਸ) ਤੋਂ 8.8 ਕਰੋੜ ਰੁਪਏ, ਅੰਤਰਰਾਜੀ ਖਣਨ ਗਤੀਵਿਧੀਆਂ ਤੋਂ 146.1 ਕਰੋੜ ਰੁਪਏ, ਭੱਠਾ ਮਾਲਕਾਂ ਦੇ ਲਾਇਸੈਂਸਾਂ ਤੋਂ 22.5 ਕਰੋੜ ਰੁਪਏ, ਘੱਟ ਸਮੇਂ ਦੀ ਮਿਆਦ ਦੇ ਪਰਮਿਟਾਂ ਤੋਂ 96.03 ਕਰੋੜ ਰੁਪਏ, ਨਿਯਮ 75 ਤਹਿਤ ਜੁਰਮਾਨੇ ਤੋਂ 7.92 ਕਰੋੜ ਰੁਪਏ, ਹੋਰ ਸਰੋਤਾਂ ਜਿਵੇਂ ਕਰੱਸ਼ਰ, ਰਜਿਸਟ੍ਰੇਸ਼ਨਾਂ, ਕਰੱਸ਼ਰ ਈਐਮਐਫ਼, ਡਿਮਾਂਡ ਨੋਟਿਸਾਂ ਤੇ ਵਾਹਨ ਪਰਮਿਟਾਂ ਆਦਿ ਤੋਂ 94.21 ਕਰੋੜ ਰੁਪਏ, ਡੀ-ਸਿਲਟਿੰਗ ਸਾਈਟਾਂ ਤੋਂ 30.86 ਕਰੋੜ ਰੁਪਏ ਤੇ ਬਾਕੀ ਬਲਾਕਾਂ ਤੋਂ 60 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਕਾਰਨ ਮੌਜੂਦਾ ਵਿੱਤੀ ਸਾਲ ਦੌਰਾਨ ਡੀ-ਸਿਲਟਿੰਗ ਸਾਈਟਾਂ ਤੋਂ ਹੋਣ ਵਾਲੀ ਆਮਦਨ ਨੂੰ ਬਾਹਰ ਰੱਖਿਆ ਗਿਆ ਹੈ ਜਿਸ ਕਾਰਨ ਮਾਈਨਿੰਗ ਵਿਭਾਗ ਵੱਲੋਂ ਡੀ-ਸਿਲਟਿੰਗ ਸਾਈਟਾਂ ਸਰੰਡਰ ਕਰਨ ਕਰਕੇ ਲਗਪਗ 450 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੌੜਾਮਾਜਰਾ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ 2023-24 ਲਈ 307 ਕਰੋੜ ਰੁਪਏ ਤੇ ਅਗਲੇ ਵਿੱਤੀ ਵਰ੍ਹੇ 2024-25 ਲਈ 300 ਕਰੋੜ ਰੁਪਏ ਆਮਦਨ ਹੋਣ ਦਾ ਅਨੁਮਾਨ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਕਰੜੇ ਹੱਥੀਂ ਨੱਥ ਪਾਈ ਗਈ ਹੈ ਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਰਿਕਾਰਡ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕਿਫ਼ਾਇਤੀ ਦਰਾਂ ’ਤੇ ਰੇਤ-ਬਜਰੀ ਮੁਹੱਈਆ ਕਰਵਾ ਰਹੀ ਹੈ ਤੇ ਇਸ ਦੇ ਬਾਵਜੂਦ ਸਰਕਾਰ ਦੇ ਮਾਲੀਏ ਵਿੱਚ ਵਾਧਾ ਹੋਇਆ ਹੈ।