Punjab News: ਪੰਜਾਬ ਸਰਕਾਰ ਨੇ ਜ਼ਮੀਨਾਂ ਵੇਚ-ਵੇਚ ਕਮਾਏ 5,060 ਕਰੋੜ ਰੁਪਏ, ਮੰਤਰੀ ਦਾ ਦਾਅਵਾ, ਅਗਲੇ ਸਾਲ ਹੋਣਗੀਆਂ ਹੋਰ ਨਿਲਾਮੀਆਂ
Punjab News: ਪੰਜਾਬ ਸਰਕਾਰ ਨੇ ਜਮੀਨ-ਜਾਇਦਾਦ ਵੇਚ ਕੇ 5,060 ਕਰੋੜ ਰੁਪਏ ਕਮਾਏ ਹਨ। ਇਹ ਦਾਅਵਾ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਹੈ।
Punjab News: ਪੰਜਾਬ ਸਰਕਾਰ ਨੇ ਜਮੀਨ-ਜਾਇਦਾਦ ਵੇਚ ਕੇ 5,060 ਕਰੋੜ ਰੁਪਏ ਕਮਾਏ ਹਨ। ਇਹ ਦਾਅਵਾ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸੇ ਵਰ੍ਹੇ ਵਿਭਾਗ ਨੇ ਦੋ ਈ-ਆਕਸ਼ਨਾਂ ਰਾਹੀਂ ਜਾਇਦਾਦਾਂ ਦੀ ਵਿਕਰੀ ਜ਼ਰੀਏ 5,060 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਾਪਰਾ (ਪੀਏਪੀਆਰਏ) ਐਕਟ ਵਿੱਚ ਸੋਧ ਕਰਕੇ 500 ਗਜ਼ ਤੱਕ ਦੇ ਪਲਾਟਾਂ ਦੀ ਰਜਿਸਟਰੀ ਲਈ ਐੱਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਸੀ। ਇਸ ਲਈ ਬਕਾਇਦਾ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ।
ਮੁੰਡੀਆਂ ਨੇ ਕਿਹਾ ਕਿ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਸ਼ਹਿਰੀ ਵਿਕਾਸ ਤੇ ਮਾਲ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਦਾ ਫਾਇਦਾ ਲੈਣ ਲਈ ਪਹਿਲੀ ਦਸੰਬਰ ਤੋਂ 28 ਫਰਵਰੀ 2025 ਤੱਕ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਵਿਕਾਸ ਅਥਾਰਟੀ ਅਧੀਨ ਪੈਂਦੇ ਖੇਤਰਾਂ ਵਿੱਚ ਗਰੁੱਪ ਹਾਊਸਿੰਗ, ਪੈਟਰੋਲ ਪੰਪ, ਹੋਟਲ ਸਾਈਟਾਂ, ਐਸਸੀਓ, ਬੂਥ, ਉਦਯੋਗਿਕ ਤੇ ਰਿਹਾਇਸ਼ੀ ਪਲਾਟ ਦੀਆਂ ਈ-ਆਕਸ਼ਨਾਂ ਰਾਹੀਂ ਅਗਸਤ ਮਹੀਨੇ 3000 ਕਰੋੜ ਰੁਪਏ ਤੇ ਅਕਤੂਬਰ ਮਹੀਨੇ 2,060 ਕਰੋੜ ਰੁਪਏ ਕਮਾਏ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਨਵੇਂ ਸਾਲ ਵਿੱਚ ਵਿਭਾਗ ਵੱਲੋਂ ਹੋਰ ਈ-ਆਕਸ਼ਨਾਂ ਕੀਤੀਆਂ ਜਾਣਗੀਆਂ ਤੇ ਮੈਗਾ ਕੈਂਪਾਂ ਰਾਹੀਂ ਹੋਰ ਕਲੀਅਰੈਂਸ ਸਰਟੀਫਿਕੇਟ ਵੰਡੇ ਜਾਣਗੇ।
ਉਧਰ, ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਮਾਰਚ 2022 ਤੋਂ ਲੈ ਕੇ ਹੁਣ ਤੱਕ 86,541 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ 5300 ਤੋਂ ਜ਼ਿਆਦਾ ਨਿਵੇਸ਼ ਸਬੰਧੀ ਤਜਵੀਜ਼ਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 86,541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ। ਇਸ ਨਾਲ ਤਕਰੀਬਨ 3,92,540 ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਉਦਯੋਗ ਪੱਖੀ ਹਨ। ਛੋਟੇ ਤੇ ਦਰਮਿਆਨੇ ਉਦਯੋਗਪਤੀ ਆਪਣਾ ਕਾਰੋਬਾਰ ਅੱਜ ਹੀ ਇਕ ਹਲਫ਼ੀਆ ਬਿਆਨ ਦੇ ਕੇ ਸ਼ੁਰੂ ਕਰ ਸਕਦੇ ਹਨ ਤੇ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ 3 ਸਾਲਾਂ ਦੇ ਅੰਦਰ-ਅੰਦਰ ਪੂਰੀ ਕੀਤੀ ਜਾ ਸਕਦੀ ਹੈ।