Punjab Budget: ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇਣ 'ਤੇ ਘਿਰ ਗਈ ਮਾਨ ਸਰਕਾਰ
Punjab Budget: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਤੀ ਸਾਲ 2024-25 ਦੇ ਤੀਜੇ ਬਜਟ ਨੂੰ ਪੂਰੀ ਤਰ੍ਹਾਂ ਅਸਫਲ ਅਤੇ ਅਵਿਸ਼ਵਾਸ਼ਯੋਗ ਬਜਟ ਕਰਾਰ ਦਿੱਤਾ ਹੈ।
Punjab Budget 2024: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਤੀ ਸਾਲ 2024-25 ਦੇ ਤੀਜੇ ਬਜਟ ਨੂੰ ਪੂਰੀ ਤਰ੍ਹਾਂ ਅਸਫਲ ਅਤੇ ਅਵਿਸ਼ਵਾਸ਼ਯੋਗ ਬਜਟ ਕਰਾਰ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਕੁੱਲ ਪ੍ਰਾਪਤੀਆਂ ਦਾ 23 ਫ਼ੀਸਦੀ ਕਰਜ਼ੇ ਦੇ ਵਿਆਜ ਵਿੱਚ ਜਾਵੇਗਾ। 57.6 ਫ਼ੀਸਦੀ ਤਨਖਾਹਾਂ ਅਤੇ ਪੈਨਸ਼ਨਾਂ ਲਈ ਹੈ। ਇਸੇ ਤਰ੍ਹਾਂ 25.14 ਫ਼ੀਸਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਕੋਲ ਹੋਰ ਕੰਮਾਂ ਨੂੰ ਪੂਰਾ ਕਰਨ ਲਈ 3 ਫ਼ੀਸਦੀ ਬਚੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ। ਬਾਜਵਾ ਨੇ ਕਿਹਾ ਕਿ ਬਜਟ ਨੇ ਸੰਕਟ 'ਚ ਘਿਰੇ ਖੇਤੀ ਸੈਕਟਰ ਨੂੰ ਵੀ ਨਿਰਾਸ਼ ਕੀਤਾ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸਰਕਾਰ ਦੇ ਦੋ ਸਾਲ ਬਾਅਦ ਵੀ ਆਮ ਆਦਮੀ ਪਾਰਟੀ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰੋਤਸਾਹਨ ਦੇਣ ਦਾ ਆਪਣਾ ਬਹੁਚਰਚਿਤ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਾ ਇਕ ਮੁੱਖ ਵਾਅਦਾ ਪੰਜਾਬ 'ਤੇ ਕਰਜ਼ੇ ਦੇ ਬੋਝ ਨੂੰ ਘੱਟ ਕਰਨਾ ਸੀ। ਇਸ ਦੀ ਬਜਾਏ 'ਆਪ' ਦੇ ਸਾਲਾਂ ਦੇ ਸ਼ਾਸਨ ਕਾਲ 'ਚ ਕਰਜ਼ੇ ਦਾ ਬੋਝ ਕਈ ਗੁਣਾ ਵਧ ਗਿਆ ਹੈ। ਇਸ ਨੇ ਜਨਵਰੀ 2024 ਦੇ ਅੰਤ ਤੱਕ 60,000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਸ ਤੋਂ ਇਲਾਵਾ ਫਰਵਰੀ ਅਤੇ ਮਾਰਚ 'ਚ 'ਆਪ' ਨੇ 7000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਿਸਾਨ ਵੀ ਇਸ ਬਜਟ ਤੋਂ ਅਸੰਤੁਸ਼ਟ ਹਨ। ਸਰਕਾਰ ਨੇ ਫਸਲੀ ਵਿਭਿੰਨਤਾ ਲਈ ਸਿਰਫ 575 ਕਰੋੜ ਰੁਪਏ ਰੱਖੇ ਹਨ, ਜੋ ਉਮੀਦ ਤੋਂ ਕਿਤੇ ਘੱਟ ਹੈ।
ਉਨ੍ਹਾਂ ਕਿਹਾ ਕਿ ਬਜਟ ਵਿਚ ਸੀਨੀਅਰ ਨਾਗਰਿਕਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਗਿਆ ਹੈ। ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਕਾਂਗਰਸ ਸਰਕਾਰਾਂ ਨੇ ਬਜ਼ੁਰਗਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਸੀ।
ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਗਏ 15 ਫੀਸਦੀ ਵਾਧੇ ਨੂੰ ਗੁਪਤ ਤਰੀਕੇ ਨਾਲ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਨੇ 16 ਮੈਡੀਕਲ ਕਾਲਜ ਖੋਲ੍ਹਣ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ।
ਬਾਜਵਾ ਨੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਬਾਰੇ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ ਮੁਆਫੀ ਮੰਗਣ ਵਿੱਚ ਅਸਫਲ ਰਹਿਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਆਲੋਚਨਾ ਕੀਤੀ। ਮੁੱਖ ਮੰਤਰੀ ਨਿਸ਼ਚਤ ਤੌਰ 'ਤੇ ਸੱਤਾ ਦੇ ਨਸ਼ੇ ਵਿੱਚ ਧੁੱਤ ਹੋ ਗਏ ਹਨ।