ਦੁਬਈ ਤੋਂ ਪਰਤੇ ਚਿੰਕੀ ਤੇ ਰਾਹੁਲ ਦਾ ਵੱਡਾ ਖੁਲਾਸਾ, ਵਿਦੇਸ਼ 'ਚ ਪੰਜਾਬ-ਹਰਿਆਣਾ ਦੇ ਕਈ ਮੁੰਡੇ-ਕੁੜੀਆਂ ਫਸੇ
ਬਿਹਾਰ ਦੀ ਰਾਜਧਾਨੀ ਪਟਨਾ ਦੇ ਫੁਲਵਾਰੀ ’ਚ ਰਹਿਣ ਵਾਲੀ ਚਿੰਕੀ ਤੇ ਗਰਦਨੀਬਾਗ਼ ਦੇ ਰਾਹੁਲ ਦੀ ਕਹਾਣੀ ਕਿਸੇ ਫ਼ਿਲਮੀ ਸਟੋਰੀ ਤੋਂ ਘੱਟ ਨਹੀਂ। ਦੂਜੇ ਧਰਮ ਦੇ ਵਿਅਕਤੀ ਨਾਲ ਵਿਆਹ ਰਚਾਉਣ ਵਾਲੀ ਚਿੰਕੀ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਨਿੱਕੇ ਬੱਚੇ ਹਨ।
ਪਟਨਾ: ਦੁਬਈ ਤੋਂ ਪਰਤੇ ਚਿੰਕੀ ਤੇ ਰਾਹੁਲ ਨੇ ਖੁਲਾਸਾ ਕੀਤਾ ਹੈ ਕਿ ਦੁਬਈ ’ਚ ਦਰਜਨਾਂ ਹੋਰ ਭਾਰਤੀ ਮੁੰਡੇ ਤੇ ਕੁੜੀਆਂ ਫਸੇ ਹੋਏ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ, ਹਰਿਆਣਾ ਤੇ ਕੇਰਲ ਰਾਜਾਂ ਦੇ ਹਨ। ਉਹ ਸਾਰੇ ਨੌਕਰੀ ਦੇ ਲਾਰੇ ਨਾਲ ਗਏ ਸਨ। ਉਨ੍ਹਾਂ ਦਾ ਉੱਥੇ ਬੁਰਾ ਹਾਲ ਹੈ।
ਦਰਅਸਲ ਬਿਹਾਰ ਦੀ ਰਾਜਧਾਨੀ ਪਟਨਾ ਦੇ ਫੁਲਵਾਰੀ ’ਚ ਰਹਿਣ ਵਾਲੀ ਚਿੰਕੀ ਤੇ ਗਰਦਨੀਬਾਗ਼ ਦੇ ਰਾਹੁਲ ਦੀ ਕਹਾਣੀ ਕਿਸੇ ਫ਼ਿਲਮੀ ਸਟੋਰੀ ਤੋਂ ਘੱਟ ਨਹੀਂ। ਦੂਜੇ ਧਰਮ ਦੇ ਵਿਅਕਤੀ ਨਾਲ ਵਿਆਹ ਰਚਾਉਣ ਵਾਲੀ ਚਿੰਕੀ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਨਿੱਕੇ ਬੱਚੇ ਹਨ।
ਉਹ ਨਿੱਜੀ ਨੌਕਰੀ ਕਰ ਕੇ ਬੱਚੇ ਪਾਲ਼ ਰਹੀ ਹੈ। ਰਾਹੁਲ ਉਸ ਦਾ ਦੋਸਤ ਹੈ। ਦੁਬਈ ’ਚ ਵਧੀਆ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਚਿੰਕੀ ਦੇ ਜੀਜਾ ਨੇ ਦੋਵਾਂ ਨੂੰ ਜਾਲ਼ ਵਿੱਚ ਫਸਾਇਆ। ਨੌਕਰੀ ਲਈ ਟੂਰਿਸਟ ਵੀਜ਼ਾ ਉੱਤੇ ਹੀ ਦੁਬਈ ਭੇਜ ਦਿੱਤਾ।
ਏਜੰਟ ਚਿੰਕੀ ਨੂੰ ਵੱਖਰੇ ਫ਼ਲੈਟ ’ਚ ਲੈ ਗਿਆ। ਉਸ ਦਾ ਪਾਸਪੋਰਟ ਤੇ ਪਰਸ ’ਚੋਂ ਪੈਸੇ ਵੀ ਕੱਢ ਲਏ। ਉਸ ਦੇ ਇਰਾਦੇ ਵੇਖ ਕੇ ਉਹ ਰਾਹੁਲ ਦੀ ਮਦਦ ਨਾਲ ਉੱਥੋਂ ਭੱਜ ਗਈ। ਲਗਭਗ ਡੇਢ ਮਹੀਨਾ ਉੱਥੇ ਫਸੀ ਰਹਿਣ ਤੋਂ ਬਾਅਦ ਉਹ ਭਾਰਤੀ ਦੂਤਾਵਾਸ ਦੀ ਮਦਦ ਨਾਲ ਪਟਨਾ ਪਰਤ ਸਕੀ ਹੈ।
ਵਿਦੇਸ਼ ਭੇਜਣ ਦੇ ਨਾਂ ਉੱਤੇ ਚਿੰਕੀ ਤੇ ਰਾਹੁਲ ਤੋਂ ਲਗਪਗ ਸਾਢੇ ਤਿੰਨ ਲੱਖ ਰੁਪਏ ਵਸੂਲ ਕੀਤੇ ਗਏ। ਇਸ ਵਿੱਚੋਂ ਕੁਝ ਰਕਮ ਉਨ੍ਹਾਂ ਸਿੱਧੀ ਮੁਲਜ਼ਮ ਦੇ ਖਾਤੇ ਵਿੱਚ ਟ੍ਰਾਂਸਫ਼ਰ ਕੀਤੀ। 31 ਦਸੰਬਰ, 2020 ਨੂੰ ਲਖਨਊ ਦੇ ਅਮੌਸੀ ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋਏ।
ਦੱਸ ਦਈਏ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਵਾਰ-ਵਾਰ ਆਮ ਜਨਤਾ ਨੂੰ ਸਾਵਧਾਨ ਕੀਤਾ ਜਾਂਦਾ ਰਿਹਾ ਹੈ ਕਿ ਰੁਜ਼ਗਾਰ ਲਈ ਵਿਦੇਸ਼ ਜਾਂਦੇ ਸਮੇਂ ਬਹੁਤ ਸਾਵਧਾਨੀ ਵਰਤੀ ਜਾਵੇ। ਕਿਸੇ ਅਣਅਧਿਕਾਰਤ ਏਜੰਟ ਉੱਤੇ ਕਦੇ ਵੀ ਯਕੀਨ ਨਾ ਕੀਤਾ ਜਾਵੇ। ਟੂਰਿਸਟ ਵੀਜ਼ਾ ਉੱਤੇ ਕਦੇ ਨੌਕਰੀ ਲਈ ਵਿਦੇਸ਼ ਨਾ ਜਾਇਆ ਜਾਵੇ।