Punjab News: ਸੜਕ 'ਤੇ ਹੋਇਆ ਹਾਈ ਵੋਲਟੇਜ਼ ਡਰਾਮਾ...ਰਿਸ਼ਵਤ ਲੈ ਸਕਾਰਪੀਓ ਗੱਡੀ 'ਚ ਭੱਜਿਆ ਹੈੱਡ ਕਾਂਸਟੇਬਲ, ਫਿਲਮੀ ਅੰਦਾਜ਼ 'ਚ ਵਿਜੀਲੈਂਸ ਨੇ ਪਿੱਛਾ ਕਰਕੇ ਦਬੋਚਿਆ
ਬਠਿੰਡਾ ਦੀ ਸੜਕਾਂ ਉੱਤੇ ਅੱਜ ਫ਼ਿਲਮੀ ਐਕਸ਼ਨ ਦੇਖਣ ਨੂੰ ਮਿਲਿਆ, ਜਦੋਂ ਰਿਸ਼ਵਤ ਲੈ ਕੇ ਭੱਜੇ ਇੱਕ ਪੁਲਿਸ ਮੁਲਾਜ਼ਮ ਨੂੰ ਵਿਜੀਲੈਂਸ ਟੀਮ ਵੱਲੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ। ਵਿਜੀਲੈਂਸ ਨੇ ਮੁਲਜ਼ਮ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ
Punjab News: ਪੰਜਾਬ ਦੇ ਬਠਿੰਡਾ ਵਿੱਚ ਇੱਕ ਪੁਲਿਸ ਮੁਲਾਜ਼ਮ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਹੈ। ਰਿਸ਼ਵਤ ਲੈਣ ਵਾਲਾ ਮੁਲਜ਼ਮ ਹੈੱਡ ਕਾਂਸਟੇਬਲ ਰਿਸ਼ਵਤ ਦੀ ਰਕਮ ਲੈ ਕੇ ਫਰਾਰ ਹੋ ਗਿਆ। ਵਿਜੀਲੈਂਸ ਟੀਮ ਨੇ ਪਿੱਛਾ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਬਠਿੰਡਾ ਦੇ ਥਾਣਾ ਸੰਗਤ ਵਿੱਚ ਤਾਇਨਾਤ ਇੱਕ ਹੈਂਡ ਕਾਂਸਟੇਬਲ ਬੁੱਧਵਾਰ ਨੂੰ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਫਰਾਰ ਹੋ ਗਿਆ। ਮੁਲਜ਼ਮ ਸਕਾਰਪੀਓ ਕਾਰ ਵਿੱਚ ਭੱਜ ਰਿਹਾ ਸੀ।
ਇੰਝ ਕੀਤਾ ਕਾਬੂ
ਮੁਲਜ਼ਮ ਨੂੰ ਫੜਨ ਲਈ ਵਿਜੀਲੈਂਸ ਟੀਮ ਨੂੰ ਗੋਲੀ ਚਲਾਉਣੀ ਪਈ। ਹਾਲਾਂਕਿ ਵਿਜੀਲੈਂਸ ਅਧਿਕਾਰੀ ਗੋਲੀ ਚੱਲਣ ਦੀਆਂ ਖ਼ਬਰਾਂ ਤੋਂ ਇਨਕਾਰ ਕਰ ਰਹੇ ਹਨ। ਵਿਜੀਲੈਂਸ ਨੇ ਮੁਲਜ਼ਮ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ 'ਚ ਮੰਗ ਰਿਹਾ ਸੀ 1 ਲੱਖ ਰੁਪਏ ਦੀ ਰਿਸ਼ਵਤ
ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਪਥਰਾਲਾ ਦੇ ਵਸਨੀਕ ਜਗਵਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਦੀਵਾਲੀ ਵਾਲੇ ਦਿਨ ਪਿੰਡ ਪਥਰਾਲਾ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਹੈੱਡ ਕਾਂਸਟੇਬਲ ਕੁਲਦੀਪ ਸਿੰਘ ਉਕਤ ਨੌਜਵਾਨ ਦੇ ਕਤਲ 'ਚ ਵਰਤੇ ਗਏ ਹਥਿਆਰ ਅਤੇ ਉਕਤ ਕਤਲ ਕੇਸ 'ਚ ਇਕ ਔਰਤ ਦੇ ਨਾਂ 'ਤੇ ਦਰਜ ਕੀਤੇ ਗਏ ਹਥਿਆਰ ਨੂੰ ਨਾਮ ਦੇਣ ਦਾ ਡਰਾਵਾ ਦਿਖਾ ਕੇ ਉਨ੍ਹਾਂ ਤੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਭੱਜਦੇ ਹੋਏ ਇੱਕ ਬਾਈਕ ਵਾਲੇ ਨੂੰ ਕਾਰ ਨਾਲ ਮਾਰੀ ਟੱਕਰ
ਬੁੱਧਵਾਰ ਨੂੰ ਬੀ.ਬੀ. ਚੌਂਕ ਪੁਲ ਦੇ ਹੇਠਾਂ ਜਦੋਂ ਹੈੱਡ ਕਾਂਸਟੇਬਲ ਸ਼ਿਕਾਇਤਕਰਤਾ ਤੋਂ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਤਾਂ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਹੈੱਡ ਕਾਂਸਟੇਬਲ ਆਪਣੀ ਸਕਾਰਪੀਓ ਕਾਰ ਵਿੱਚ ਨੈਸ਼ਨਲ ਹਾਈਵੇ ਵੱਲ ਭੱਜ ਗਿਆ। ਜਦੋਂ ਵਿਜੀਲੈਂਸ ਟੀਮ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮ ਨੇ ਆਪਣੀ ਕਾਰ ਨਾਲ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਉਸ ਦੀ ਕਾਰ ਫੁੱਟਪਾਥ 'ਤੇ ਚਲੀ ਗਈ। ਇਸ ਕਾਰਨ ਕਾਰ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਉਕਤ ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਸਕਾਰਪੀਓ ਗੱਡੀ ਦੇ ਟਾਇਰਾਂ 'ਤੇ ਫਾਇਰ ਕਰਕੇ ਉਸ ਨੂੰ ਰੋਕਿਆ। ਇਸ ਤੋਂ ਬਾਅਦ ਹੀ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਵਿਜੀਲੈਂਸ ਟੀਮ ਨੇ ਕੋਈ ਗੋਲੀ ਨਹੀਂ ਚਲਾਈ ਹੈ। ਜਦੋਂ ਕਾਰ ਫੁੱਟਪਾਥ 'ਤੇ ਗਈ ਤਾਂ ਟਾਇਰ ਫਟ ਗਿਆ। ਇਸ ਤੋਂ ਬਾਅਦ ਗੱਡੀ ਰੁਕੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।