Teeyan Festival: ਪੰਜਾਬ ਮੰਡੀ ਬੋਰਡ ਦੇ ਵਿਹੜੇ ਮਨਾਇਆ "ਤੀਆਂ ਤੀਜ਼ ਦੀਆਂ" ਦਾ ਤਿਉਹਾਰ, ਪੰਜਾਬੀ ਸੱਭਿਆਚਾਰਕ ਪਹਿਰਾਵੇ 'ਚ ਨਜ਼ਰ ਆਇਆ ਮਹਿਲਾ ਸਟਾਫ
Teeyan Festival: ਪੰਜਾਬ ਮੰਡੀ ਬੋਰਡ ਦੇ ਮਹਿਲਾ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਧੁਨਿਕ ਫ਼ਲ ਅਤੇ ਸਬਜੀ ਮੰਡੀ, ਮੋਹਾਲੀ ਵਿਖੇ ਅੱਜ "ਤੀਆਂ ਤੀਜ਼ ਦੀਆਂ" ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
Punjab News: ਪੰਜਾਬ ਮੰਡੀ ਬੋਰਡ ਦੇ ਮਹਿਲਾ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਧੁਨਿਕ ਫ਼ਲ ਅਤੇ ਸਬਜੀ ਮੰਡੀ, ਮੋਹਾਲੀ ਵਿਖੇ ਅੱਜ "ਤੀਆਂ ਤੀਜ਼ ਦੀਆਂ" ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਪਤਨੀ ਸ੍ਰੀਮਤੀ ਹਰਿੰਦਰ ਕੌਰ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪੰਜਾਬੀ ਸੱਭਿਆਚਾਰਕ ਪਹਿਰਾਵੇ 'ਚ ਨਜ਼ਰ ਆਇਆ ਸਟਾਫ
ਜਦੋਂ ਕਿ ਸ੍ਰੀਮਤੀ ਗੀਤਿਕਾ ਸਿੰਘ ਸੰਯੁਕਤ ਸਕੱਤਰ, ਪੰਜਾਬ ਮੰਡੀ ਬੋਰਡ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਮੂਲਿਅਤ ਕੀਤੀ। ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮਾਨਸੂਨ ਦੀ ਆਮਦ ਦੇ ਪ੍ਰਤੀਕ ਇਸ ਤਿਉਹਾਰ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸਾਰੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਤੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪੰਜਾਬੀ ਅਤੇ ਹਿੰਦੀ ਗੀਤਾਂ ਤੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਨੇ ਜਿੱਥੇ ਵੇਖਣ ਵਾਲਿਆਂ ਦਾ ਮਨ ਮੋਹਿਆ, ਉੱਥੇ ਹੀ ਲੋਕ ਗੀਤਾਂ ਨੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ।
ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੇ ਉਪਰਾਲੇ ਜ਼ਰੂਰੀ
ਮੁੱਖ ਮਹਿਮਾਨ ਸ੍ਰੀਮਤੀ ਹਰਿੰਦਰ ਕੌਰ ਬਰਸਟ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਹੈ। ਅਜਿਹੇ ਤਿਉਹਾਰ ਹੀ ਪੰਜਾਬੀ ਵਿਰਸੇ ਦੀ ਚੜਦੀ ਕਲਾ ਦਾ ਪ੍ਰਤੀਕ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹਨ। ਸ੍ਰੀਮਤੀ ਗੀਤਿਕਾ ਸਿੰਘ ਨੇ ਕਿਹਾ ਕਿ ਅੱਜ ਦੇ ਮਾਡਰਨ ਜਮਾਨੇ ਵਿੱਚ ਜਿੱਥੇ ਲੋਕ ਆਪਣੇ ਸੱਭਿਆਚਾਰ ਨੂੰ ਭੁਲਦੇ ਜਾ ਰਹੇ ਹਨ, ਉੱਥੇ ਹੀ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਦੀ ਪਹਿਚਾਣ ਕਰਵਾਉਂਦਾ ਹੈ। ਇਸ ਮੌਕੇ ਸਾਰਿਆਂ ਨੇ ਬੋਲੀਆਂ, ਗਿੱਧਾ, ਭੰਗੜਾ ਪਾਇਆ ਅਤੇ ਪੀਂਗਾ ਝੂਟੀਆਂ। ਪੰਜਾਬ ਮੰਡੀ ਬੋਰਡ ਦੀਆਂ ਸਮੂਹ ਮਹਿਲਾ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।