Punjab News: ਪੰਜਾਬੀ ਦੇਣ ਧਿਆਨ...ਪ੍ਰਸ਼ਾਸਨ ਹੋਇਆ ਸਖਤ! ਕਿਸੇ ਵੀ ਕਿਸਮ ਦੀ ਭੀੜ, ਨਾਅਰੇਬਾਜ਼ੀ ਸਣੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ, ਜਾਣੋ ਕਿੰਨੇ ਦਿਨ ਰਹੇਗੀ ਲਾਗੂ
ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ 5 ਜਾਂ ਉਸ ਤੋਂ ਵੱਧ ਵਿਅਕਤੀਆਂ ਦੇ ਇਕੱਠ ਹੋਣ 'ਤੇ ਪਾਬੰਦੀ..

Punjab News: ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਪ੍ਰਸ਼ਾਸਨ ਵੱਲੋਂ ਇਮਤਿਹਾਨ ਕੇਂਦਰਾਂ ਦੇ ਆਸਪਾਸ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਵਿਘਨ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ. ਗੁਰਪਰੀਤ ਸਿੰਘ ਥਿੰਦ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ 5 ਜਾਂ ਉਸ ਤੋਂ ਵੱਧ ਵਿਅਕਤੀਆਂ ਦੇ ਇਕੱਠ ਹੋਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜੇਕਰ ਕੋਈ ਹੁਕਮਾਂ ਦੀ ਉਲੰਘਣਾ ਕਰੇਗਾ ਹੋਏਗੀ ਸਖਤ ਕਾਰਵਾਈ
ਇਹ ਪਾਬੰਦੀ ਇਮਤਿਹਾਨਾਂ ਦੌਰਾਨ ਅਣਚਾਹੀਆਂ ਘਟਨਾਵਾਂ ਨੂੰ ਰੋਕਣ, ਸ਼ਾਂਤੀਪੂਰਕ ਵਾਤਾਵਰਣ ਬਣਾਈ ਰੱਖਣ ਅਤੇ ਵਿਦਿਆਰਥੀਆਂ ਨੂੰ ਇੱਕ ਸੁਚੱਜਾ ਅਤੇ ਧਿਆਨ ਕੇਂਦਰਤ ਕਰਨ ਵਾਲਾ ਮਾਹੌਲ ਮੁਹੱਈਆ ਕਰਵਾਉਣ ਲਈ ਲਾਈ ਗਈ ਹੈ। ਇਸਦੇ ਨਾਲ, ਕਿਸੇ ਵੀ ਕਿਸਮ ਦੀ ਭੀੜ, ਨਾਅਰੇਬਾਜ਼ੀ ਜਾਂ ਹਲਚਲ ਕਰਨ 'ਤੇ ਪ੍ਰਤੀਬੰਧ ਰਹੇਗਾ ਅਤੇ ਜੋ ਵੀ ਵਿਅਕਤੀ ਜਾਂ ਗਰੁੱਪ ਇਸ ਨਿਯਮ ਦੀ ਉਲੰਘਣਾ ਕਰੇਗਾ, ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਮੇਂ ਤੱਕ ਰਹੇਗੀ ਲਾਗੂ
ਇਹ ਪਾਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਭੇਜੇ ਗਏ ਪੱਤਰ ਦੇ ਅਧਾਰ 'ਤੇ ਲਗਾਈ ਗਈ ਹੈ, ਤਾਂ ਜੋ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਅਗਸਤ 2025 ਦੀਆਂ ਅਨੁਪੂਰਕ (ਕੰਪਾਰਟਮੈਂਟ/ਰੀ-ਅਪੀਅਰ/ਓਪਨ ਸਕੂਲ), ਵਾਧੂ ਵਿਸ਼ਿਆਂ ਅਤੇ ਓਪਨ ਸਕੂਲ ਬਲੌਕ-2 ਦੀਆਂ ਪ੍ਰੀਖਿਆਵਾਂ ਦਾ ਸ਼ਾਂਤੀਪੂਰਨ ਢੰਗ ਨਾਲ ਆਯੋਜਨ ਹੋ ਸਕੇ। ਇਹ ਪ੍ਰੀਖਿਆਵਾਂ 08 ਅਗਸਤ ਤੋਂ 29 ਅਗਸਤ 2025 ਤੱਕ ਹਰ ਰੋਜ਼ ਸਵੇਰੇ 11:00 ਵਜੇ ਤੋਂ ਦੁਪਿਹਰ 2:15 ਵਜੇ ਤੱਕ ਲੈਣੀਆਂ ਹਨ।
ਇਸ ਦੌਰਾਨ ਮੁਕਤਸਰ ਜ਼ਿਲ੍ਹੇ ਵਿੱਚ ਪ੍ਰੀਖਿਆ ਕੇਂਦਰ ਹੇਠ ਲਿਖੇ ਥਾਵਾਂ 'ਤੇ ਬਣਾਏ ਗਏ ਹਨ, ਜਿਵੇਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਮੁਕਤਸਰ ਅਤੇ ਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਘੁਮਿਆਰਾ, ਜ਼ਿਲ੍ਹਾ ਮੁਕਤਸਰ। ਇਹ ਹੁਕਮ ਸਰਕਾਰੀ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਅਤੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦੇ ਕੇਵਲ ਇੱਕ ਪਰਿਵਾਰਕ ਮੈਂਬਰ 'ਤੇ ਲਾਗੂ ਨਹੀਂ ਹੋਣਗੇ। ਇਹ ਪਾਬੰਦੀ 08 ਅਗਸਤ ਤੋਂ 29 ਅਗਸਤ 2025 ਤੱਕ ਲਾਗੂ ਰਹੇਗੀ। ਜੇਕਰ ਕੋਈ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦੇ ਖਿਲਾਫ ਕਠੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।






















