Punjab News: ਬਾਸਮਤੀ ਦੇ ਕਾਸ਼ਤਕਾਰ ਕਿਸਾਨਾਂ ਨੂੰ ਵੱਡਾ ਝਟਕਾ....ਪੁੱਤਾਂ ਵਾਂਗ ਪਾਲੀ ਫਸਲ ਦਾ ਇਹ ਹਾਲ
ਕੁਦਰਤ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਮਾਝੇ ਦੇ ਕਈ ਖੇਤਰਾਂ ਵਿੱਚ ਬਾਰਸ਼ ਤੇ ਝੱਖੜ ਨਾਲ ਬਾਸਮਤੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਬਾਸਮਤੀ ਦੀਆਂ ਕਈ ਕਿਸਮਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ
Punjab News: ਕੁਦਰਤ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਮਾਝੇ ਦੇ ਕਈ ਖੇਤਰਾਂ ਵਿੱਚ ਬਾਰਸ਼ ਤੇ ਝੱਖੜ ਨਾਲ ਬਾਸਮਤੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਹਾਸਲ ਰਿਪੋਰਟਾਂ ਮੁਤਾਬਕ ਤਰਨ ਤਾਰਨ, ਨੌਸ਼ਹਿਰਾ ਪੰਨੂਆਂ, ਸਰਹਾਲੀ, ਝਬਾਲ, ਸਰਾਏ ਅਮਾਨਤ ਖਾਂ, ਭਿੱਖੀਵਿੰਡ, ਖਾਲੜਾ, ਖੇਮਕਰਨ, ਪੱਟੀ, ਹਰੀਕੇ, ਚੋਹਲਾ ਸਾਹਿਬ, ਖਡੂਰ ਸਾਹਿਬ ਆਦਿ ਵਿੱਚ ਬਾਸਮਤੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਸਰਹੱਦੀ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਝੱਖੜ ਨਾਲ 1718 , 1121 ਜਿਹੀਆਂ ਬਾਸਮਤੀ ਦੀਆਂ ਕਿਸਮਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਪੱਕਣ ’ਤੇ ਆਈ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਨਾਲ ਜ਼ਮੀਨ ’ਤੇ ਵਿਛ ਗਈ। ਇਕੱਲੇ ਪਿੰਡ ਮੁਗਲਚੱਕ ਪੰਨੂਆਂ ਦੀ ਕੁੱਲ 800 ਏਕੜ ਦੇ ਕਰੀਬ ਜ਼ਮੀਨ ਵਿੱਚੋਂ 250 ਏਕੜ ਬਾਸਮਤੀ ਦੀ ਫਸਲ ਨੁਕਸਾਨੀ ਗਈ ਹੈ।
ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ। ਇਸ ਝੱਖੜ ਕਰਕੇ ਕਈ ਥਾਵਾਂ ’ਤੇ ਦਰੱਖਤ ਸੜਕਾਂ ਦੇ ਕਿਨਾਰਿਆਂ ’ਤੇ ਡਿੱਗ ਗਏ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਝੱਖੜ ਨਾਲ ਬਿਜਲੀ ਸਪਲਾਈ ਵੀ ਠੱਪ ਹੋ ਗਈ। ਪਾਵਰਕੌਮ ਦੇ ਸਥਾਨਕ ਸਿਟੀ ਮੰਡਲ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਇਕ ਅਨੁਮਾਨ ਅਨੁਸਾਰ 11,000 ਹੈਕਟੇਅਰ (27,500 ਏਕੜ) 1121 ਬਾਸਮਤੀ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀ ਬਾਸਮਤੀ ਦੇ ਦਾਣੇ ਬਦਰੰਗ ਹੋਣ ਦਾ ਖਦਸ਼ਾ ਹੈ। ਅਧਿਕਾਰੀ ਨੇ ਕਿਹਾ ਕਿ ਝੱਖੜ ਨੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਨੁਕਸਾਨ ਕੀਤਾ ਹੈ ਤੇ ਵਿਭਾਗ ਵੱਲੋਂ ਨੁਕਸਾਨ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।