Punjab News: ਬਰਖਾਸਤ DSP ਖ਼ਿਲਾਫ਼ FIR; 3 ਸਾਲਾਂ 'ਚ 26 ਲੱਖ ਤਨਖ਼ਾਹ, ਖਰਚੇ 2.59 ਕਰੋੜ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਬਰਖਾਸਤ ਕੀਤੇ ਗਏ DSP ਗੁਰਸ਼ੇਰ ਸਿੰਘ ਦੀਆਂ ਮੁਸ਼ਕਿਲਾਂ ਹੋ ਵੱਧ ਗਈਆਂ ਹਨ। ਵਿਜੀਲੈਂਸ ਵੱਲੋਂ ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਹੈ।

Punjab News: ਬਰਖਾਸਤ ਕੀਤੇ ਗਏ DSP ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਖ਼ਿਲਾਫ਼ ਹੁਣ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਮੋਹਾਲੀ ਦੀ ਫਲਾਇੰਗ ਸਕਵਾਡ ਟੀਮ ਵੱਲੋਂ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਪਤਾ ਲੱਗਿਆ ਕਿ ਗੁਰਸ਼ੇਰ ਸਿੰਘ ਨੂੰ ਤਿੰਨ ਸਾਲਾਂ ਵਿੱਚ ਕੇਵਲ 26 ਲੱਖ ਰੁਪਏ ਤਨਖ਼ਾਹ ਮਿਲੀ, ਪਰ ਉਸ ਨੇ ਲਗਭਗ 2.59 ਕਰੋੜ ਰੁਪਏ ਖ਼ਰਚ ਕੀਤੇ ਹਨ।ਹੁਣ ਵਿਜੀਲੈਂਸ ਦੀਆਂ ਟੀਮਾਂ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ, ਹਾਲਾਂਕਿ ਸੂਤਰਾਂ ਅਨੁਸਾਰ ਉਹ ਵਿਦੇਸ਼ ਭੱਜ ਚੁੱਕਾ ਹੈ।
ਆਮਦਨ ਤੋਂ 96.99% ਵੱਧ ਖਰਚ ਕੀਤੇ
ਵਿਜੀਲੈਂਸ ਦੀ ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਬਰਖਾਸਤ ਕੀਤੇ ਗਏ DSP ਗੁਰਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਆਪਣੀ ਕੁੱਲ ਆਮਦਨ ਨਾਲੋਂ ਲਗਭਗ 97% ਵੱਧ ਰਕਮ ਖਰਚ ਕੀਤੀ ਹੈ।
ਜਾਂਚ ਵਿੱਚ ਕੀ ਸਾਹਮਣੇ ਆਇਆ:
ਅਪ੍ਰੈਲ 2021 ਤੋਂ ਮਾਰਚ 2024 ਤੱਕ DSP ਨੂੰ ਕੁੱਲ ਤਨਖ਼ਾਹ: ₹26.32 ਲੱਖ
ਬਿਆਜ ਅਤੇ ਇਨਕਮ ਟੈਕਸ ਰਿਫੰਡ: ₹75,876
DSP ਦੀ ਮਾਂ ਸੁਖਵੰਤ ਕੌਰ ਦੀ ਆਮਦਨ: ₹1.83 ਕਰੋੜ
ਪਰਿਵਾਰ ਦੀ ਕੁੱਲ ਆਮਦਨ: ₹2.67 ਕਰੋੜ
ਇਸੇ ਦੌਰਾਨ ਕੁੱਲ ਖ਼ਰਚ: ₹6.29 ਕਰੋੜ
ਨਿੱਜੀ ਖ਼ਰਚ (DSP ਅਤੇ ਪਰਿਵਾਰ ਵੱਲੋਂ): ₹80.46 ਲੱਖ
ਆਮਦਨ ਤੋਂ ਵੱਧ ਖ਼ਰਚ: ₹2.59 ਕਰੋੜ (ਅਰਥਾਤ 96.99% ਵੱਧ)
ਇਸ ਵੱਡੇ ਅੰਤਰ ਕਰਕੇ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਹੈ।
ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ:
ਵਿਜੀਲੈਂਸ ਮੁਤਾਬਕ, 1 ਅਪ੍ਰੈਲ 2021 ਨੂੰ DSP ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਕੁੱਲ ₹3,00,903.98 ਜਮ੍ਹਾ ਸੀ, ਜਦਕਿ ₹3,17,415 ਦਾ ਲੋਨ ਸੀ।
ਫਰਮ ਦੇ ਬੈਂਕ ਬੈਲੇਂਸ ਸਟੇਟਮੈਂਟ ਅਨੁਸਾਰ, ਇਸ ਅਵਧੀ ਦੀ ਸ਼ੁਰੂਆਤ ਵਿੱਚ ਕੁੱਲ ₹9,67,33,700.06 ਦੀ ਆਮਦਨ ਸਾਹਮਣੇ ਆਈ ਹੈ।
31 ਮਾਰਚ 2024 ਤੱਕ ਹੋਈ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਨ੍ਹਾਂ ਕੋਲ ₹2,47,50,000 ਦੀ ਅਚਲ ਜਾਇਦਾਦ ਅਤੇ ਹੋਰ ਸੰਪਤੀਆਂ ਸਨ। ਉਨ੍ਹਾਂ ਦਾ ਬੈਂਕ ਬੈਲੈਂਸ ₹83,88,429.08 ਰੁਪਏ ਸੀ।
ਬਰਖਾਸਤ DSP ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ ₹25,17,415 ਦਾ ਲੋਨ ਵੀ ਲਿਆ ਹੋਇਆ ਸੀ। ਇਸ ਤੋਂ ਇਲਾਵਾ, ਪਰਿਵਾਰ ਨੇ ₹1,81,35,270.77 ਦੀ ਰਕਮ ਕੰਪਨੀਆਂ, ਫਰਮਾਂ ਅਤੇ ਸੋਸਾਇਟੀਆਂ ਵਿੱਚ ਜਮ੍ਹਾਂ ਕਰਵਾਈ ਸੀ।






















