Punjab News: ਹੜ੍ਹ ਪੀੜਤਾਂ ਨੂੰ ਅੱਜ ਤੋਂ ਮਿਲਣਗੇ ਮੁਆਵਜ਼ੇ ਦੇ ਚੈੱਕ, ਮਾਝਾ ਤੋਂ ਸ਼ੁਰੂਆਤ
ਹੜ੍ਹ ਪੀੜਤਾਂ ਨੂੰ ਅੱਜ ਤੋਂ ਨੁਕਸਾਨ ਦਾ ਮੁਆਵਜ਼ਾ ਮਿਲਣਾ ਸ਼ੁਰੂ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਫੰਡ ਵਿੱਚੋਂ ਮੁਆਵਜ਼ੇ ਦੇ ਚੈੱਕ ਵੰਡਣ ਦਾ ਕੰਮ ਅੱਜ ਤੋਂ ਸ਼ੁਰੂ ਹੋਵੇਗਾ। ਇਸ ਲਈ ਅੰਮ੍ਰਿਤਸਰ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ..

Punjab News: ਹੜ੍ਹ ਪੀੜਤਾਂ ਨੂੰ ਅੱਜ ਤੋਂ ਨੁਕਸਾਨ ਦਾ ਮੁਆਵਜ਼ਾ ਮਿਲਣਾ ਸ਼ੁਰੂ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਫੰਡ ਵਿੱਚੋਂ ਮੁਆਵਜ਼ੇ ਦੇ ਚੈੱਕ ਵੰਡਣ ਦਾ ਕੰਮ ਅੱਜ ਤੋਂ ਸ਼ੁਰੂ ਹੋਵੇਗਾ। ਇਸ ਲਈ ਅੰਮ੍ਰਿਤਸਰ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਫਸਲਾਂ, ਘਰਾਂ ਤੇ ਪਸ਼ੂਆਂ ਦੇ ਨੁਕਸਾਨ ਦਾ ਸਾਹਮਣਾ ਕਰਨ ਵਾਲਿਆਂ ਨੂੰ ਚੈੱਕ ਵੰਡੇ ਜਾਣਗੇ। ਹਾਲ ਹੀ ਵਿੱਚ ਆਏ ਹੜ੍ਹਾਂ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੈ। ਹੜ੍ਹਾਂ ਨਾਲ ਮਾਝਾ ਖੇਤਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਲਗਪਗ 60 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਫਸਲਾਂ ਦਾ ਵੱਡੇ ਪੱਧਰ ਉਪਰ ਨੁਕਸਾਨ ਹੋਇਆ ਹੈ।
ਉਧਰ, ਖਰਾਬੇ ਦੇ ਮੁਆਵਜ਼ੇ ਨੂੰ ਲੈ ਕੇ ਸਿਆਸਤ ਵੀ ਗਰਮਾਈ ਹੋਈ ਹੈ। ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਗੰਭੀਰ ਸੰਕਟ ਦੇ ਸਮੇਂ ਵਿੱਚ ਵੀ ਕੁਝ ਰਾਜਨੀਤਕ ਪਾਰਟੀਆਂ ਬੇਸ਼ਰਮੀ ਨਾਲ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾ ਰਹੀਆਂ ਹਨ, ਜਦੋਂਕਿ ਮੈਕਸੀਕੋ ਤੇ ਦੁਨੀਆ ਦੇ ਹੋਰ ਹਿੱਸੇ ਵੀ ਗਲੋਬਲ ਵਾਰਮਿੰਗ ਕਾਰਨ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਸਾਰੀਆਂ ਵਿਰੋਧੀ ਪਾਰਟੀਆਂ ਸਿਰਫ਼ ਆਪਣੇ ਨਿੱਜੀ ਰਾਜਨੀਤਕ ਹਿੱਤਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਵੀ ਆਪਣੇ MPLADS ਤੋਂ 20 ਲੱਖ ਰੁਪਏ ਤੋਂ ਵੱਧ ਦਾ ਯੋਗਦਾਨ ਨਵੇਂ ਫੰਡ ਵਿੱਚ ਪਾਇਆ ਹੈ। ਕੁਝ ਨੇਤਾਵਾਂ ਨੇ ਆਪਣੇ ਨਿੱਜੀ ਹਿੱਤਾਂ ਕਾਰਨ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਸਮਰਥਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ NRI ਟਾਊਨਹਾਲ ਇੱਕ ਔਨਲਾਈਨ ਗੱਲਬਾਤ ਸੈਸ਼ਨ ਹੈ ਜੋ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਰਹਿੰਦੇ NRI ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀਕਲਾ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਨਾਲ 2,300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਤੇ 500,000 ਏਕੜ ਫਸਲੀ ਜ਼ਮੀਨ ਤਬਾਹ ਹੋ ਗਈ ਹੈ। ਸ਼ੁਰੂਆਤੀ ਅਨੁਮਾਨਾਂ ਅਨੁਸਾਰ ਕੁੱਲ ਨੁਕਸਾਨ ਲਗਪਗ ₹13,800 ਕਰੋੜ ਹੈ, ਹਾਲਾਂਕਿ ਅਸਲ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ। ਸੀਐਮ ਮਾਨ ਨੇ ਕਿਹਾ ਕਿ ਮਿਸ਼ਨ ਤਹਿਤ ਇਕੱਠਾ ਕੀਤਾ ਗਿਆ ਹਰ ਪੈਸਾ ਹੜ੍ਹ ਪੀੜਤਾਂ ਦੀ ਭਲਾਈ ਤੇ ਪੁਨਰਵਾਸ ਲਈ ਖਰਚ ਕੀਤਾ ਜਾਵੇਗਾ।






















